ਵਿਸ਼ਵ ਕੱਪ-2021 ਦੀ ਦੌੜ ''ਚੋਂ ਖੁਦ ਨੂੰ ਬਾਹਰ ਨਹੀਂ ਕਰ ਰਹੀ : ਮਿਤਾਲੀ

Tuesday, Oct 10, 2017 - 04:31 AM (IST)

ਨਵੀਂ ਦਿੱਲੀ— ਭਾਰਤ ਦੀ ਪ੍ਰੇਰਨਾਸ੍ਰੋਤ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ 2021 'ਚ ਆਪਣੇ ਪੰਜਵੇਂ ਵਿਸ਼ਵ ਕੱਪ ਵਿਚ ਖੇਡਣ ਦਾ ਬਦਲ ਖੁੱਲ੍ਹਾ ਰੱਖਿਆ ਹੈ, ਬਸ਼ਰਤੇ ਉਸ ਦੀ ਫਾਰਮ ਤੇ ਫਿੱਟਨੈੱਸ ਉਸ ਨੂੰ ਨਿਰਾਸ਼ ਨਾ ਕਰੇ। ਇਸ ਸਾਲ ਜੂਨ-ਜੁਲਾਈ 'ਚ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ 'ਚ ਮਿਤਾਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਫਾਈਨਲ 'ਚ ਜਗ੍ਹਾ ਬਣਾਈ ਸੀ ਤੇ ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਇਹ ਉਸ ਦਾ ਆਖਰੀ ਵਿਸ਼ਵ ਕੱਪ ਹੋਵੇਗਾ ਪਰ ਹੁਣ ਲੱਗਦਾ ਹੈ ਕਿ ਇਕ ਦਿਨਾ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਇਸ ਬੱਲੇਬਾਜ਼ ਨੇ ਆਪਣਾ ਮਨ ਬਦਲ ਲਿਆ ਹੈ।
ਮਿਤਾਲੀ ਨੇ ਅੱਜ ਕਿਹਾ ਕਿ ਮੈਂ ਅਗਲੇ ਵਿਸ਼ਵ ਕੱਪ 'ਚ ਖੇਡਣ ਦੇ ਵਿਚਾਰ ਨੂੰ ਰੱਦ ਨਹੀਂ ਕੀਤਾ ਪਰ ਵਿਸ਼ਵ ਕੱਪ ਦੇ ਚੌਥੇ ਸਾਲ ਤਕ ਪਹੁੰਚਣ ਲਈ ਮੈਨੂੰ ਪਹਿਲਾਂ ਅਗਲੇ ਤਿੰਨ ਸਾਲਾਂ 'ਚੋਂ ਲੰਘਣਾ ਪਵੇਗਾ।
ਉਸ ਨੇ ਕਿਹਾ ਕਿ ਮੇਰੇ ਲਈ ਇਹ ਦੇਖਣਾ ਤੇ ਮੁਲਾਂਕਣ ਕਰਨਾ ਵੀ ਮਹੱਤਵਪੂਰਨ ਹੋਵੇਗਾ ਕਿ ਉਦੋਂ ਤਕ (2021) ਮੇਰੀ ਫਾਰਮ ਕਿਹੋ ਜਿਹੀ ਰਹਿੰਦੀ ਹੈ, ਇਸ ਲਈ ਅਜੇ ਮੈਂ ਵਿਸ਼ਵ ਟੀ-20 ਤੇ 2018 ਦੇ ਹੋਰਨਾਂ ਮੈਚਾਂ ਬਾਰੇ ਹੀ ਸੋਚ ਰਹੀ ਹਾਂ। ਭਾਰਤੀ ਟੀਮ ਨੇ ਜੁਲਾਈ 'ਚ ਵਿਸ਼ਵ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ ਤੇ ਟੀਮ ਆਪਣੀ ਅਗਲੀ ਲੜੀ ਫਰਵਰੀ 'ਚ ਹੀ ਖੇਡੇਗੀ।


Related News