ਇਕ ਵਾਰ ਫਿਰ ਰਿੰਗ ''ਚ ਦਹਾੜਨ ਲਈ ਤਿਆਰ ਹਨ 54 ਸਾਲਾ ਮਾਈਕ ਟਾਈਸਨ, ਇਸ ਦਿਨ ਹੋਵੇਗੀ ਫਾਈਟ
Friday, Oct 30, 2020 - 01:39 PM (IST)
ਲਾਸ ਏਂਜਲਸ (ਭਾਸ਼ਾ) : ਆਪਣੇ ਜ਼ਮਾਨੇ ਦੇ ਦਿੱਗਜ ਮੁੱਕੇਬਾਜ਼ ਮਾਈਕ ਟਾਈਸਨ ਫਿਰ ਤੋਂ ਰਿੰਗ 'ਤੇ ਵਿਖਣਗੇ ਅਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਰਾਏ ਜੋਂਸ ਨਾਲ ਹੋਵੇਗਾ। ਕੈਲੀਫੋਰਨੀਆ ਦੇ ਐਥਲੈਟਿਕ ਕਮਿਸ਼ਨ ਨੇ ਟਾਈਸਨ ਅਤੇ ਜੋਂਸ ਵਿਚਾਲੇ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਨੂੰ ਇਸ ਆਧਾਰ 'ਤੇ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਿਰਫ਼ ਇਕ ਪ੍ਰਦਰਸ਼ਨੀ ਮੁਕਾਬਲਾ ਹੋਵੇਗਾ। ਇਨ੍ਹਾਂ ਸਾਬਕਾ ਚੈਂਪੀਅਨਾਂ ਨੇ ਹਾਲਾਂਕਿ ਕਿਹਾ ਕਿ ਉਹ ਇਸ ਨੂੰ ਸਿਰਫ਼ ਪ੍ਰਦਰਸ਼ਨੀ ਮੁਕਾਬਲਾ ਨਹੀਂ ਮੰਨ ਰਹੇ ਹਨ ਅਤੇ ਉਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਟਾਈਸਨ ਨੇ ਵੀਰਵਾਰ ਨੂੰ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ, 'ਕੀ ਇਹ ਅਸਲੀ ਮੁਕਾਬਲਾ ਨਹੀਂ ਹੈ? ਇਹ ਮਾਈਕ ਟਾਈਸਨ ਬਨਾਮ ਰਾਏ ਜੋਂਸ ਦਾ ਮੁਕਾਬਲਾ ਹੈ । ਮੈਂ ਮੁਕਾਬਲੇ ਲਈ ਆ ਰਿਹਾ ਹਾਂ ਅਤੇ ਉਹ ਵੀ ਮੁਕਾਬਲੇ ਲਈ ਆ ਰਿਹਾ ਹੈ ਅਤੇ ਤੁਹਾਨੂੰ ਬੱਸ ਇੰਨਾ ਹੀ ਜਾਣਨ ਦੀ ਜ਼ਰੂਰਤ ਹੈ।'
ਪ੍ਰਮੋਟਰਾਂ ਨੇ ਘੋਸ਼ਣਾ ਕੀਤੀ ਹੈ ਕਿ 54 ਸਾਲਾ ਟਾਈਸਨ ਅਤੇ 51 ਸਾਲਾ ਜੋਂਸ ਵਿਚਾਲੇ ਇਹ ਮੁਕਾਬਲਾ ਲਾਸ ਏਂਜਲਸ ਸਟੈਪਲਸ ਸੈਂਟਰ ਵਿਚ 28 ਨਵੰਬਰ ਨੂੰ ਹੋਵੇਗਾ। ਇਹ 8 ਰਾਊਂਡ ਦਾ ਮੁਕਾਬਲਾ ਹੋਵੇਗਾ। ਹਰ ਇਕ ਰਾਊਂਡ 2 ਮਿੰਟ ਦਾ ਹੋਵੇਗਾ। ਟਾਈਸਨ ਨੇ ਆਖ਼ਰੀ ਅਧਿਕਾਰਤ ਮੁਕਾਬਲਾ ਜੂਨ 2005 ਵਿਚ ਖੇਡਿਆ ਸੀ ਅਤੇ ਇਸ ਸਾਬਕਾ ਹੈਵੀਵੇਟ ਚੈਂਪੀਅਨ ਨੇ 1996 ਦੇ ਬਾਅਦ ਕੋਈ ਖ਼ਿਤਾਬ ਨਹੀਂ ਜਿੱਤਿਆ ਹੈ।
ਜੋਂਸ ਨੇ ਆਪਣਾ ਪਿੱਛਲਾ ਮੁਕਾਬਲਾ ਫਰਵਰੀ 2018 ਵਿਚ ਲੜਿਆ ਸੀ। ਜੋਂਸ ਨੇ ਕਿਹਾ ਕਿ ਟਾਈਸਨ ਖ਼ਿਲਾਫ਼ ਰਿੰਗ ਦੇ ਅੰਦਰ ਦਾ ਮੁਕਾਬਲਾ ਸਿਰਫ਼ ਪ੍ਰਦਰਸ਼ਨੀ ਤੱਕ ਸੀਮਤ ਨਹੀਂ ਹੋ ਸਕਦਾ ਹੈ ਹਾਲਾਂਕਿ ਕੈਲੀਫੋਰਨੀਆ ਕਮਿਸ਼ਨ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਇਨ੍ਹਾਂ ਦੋਵਾਂ ਮੁੱਕੇਬਾਜਾਂ ਨੂੰ ਇਕ-ਦੂਜੇ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਣੀ ਚਾਹੀਦੀ ਹੈ। ਜੋਂਸ ਨੇ ਕਿਹਾ, 'ਕੀ ਕੋਈ ਮਹਾਨ ਮਾਈਕ ਟਾਈਸਨ ਖ਼ਿਲਾਫ਼ ਰਿੰਗ 'ਤੇ ਉਤਰ ਕੇ ਸੋਚ ਸਕਦਾ ਹੈ ਕਿ ਇਹ ਸਿਰਫ਼ ਪ੍ਰਦਰਸ਼ਨੀ ਮੁਕਾਬਲਾ ਹੈ।'