ਮੈਕਸੀਕੋ ਨੇ ਜਿੱਤ ਕੇ ਲਗਾਤਾਰ 8ਵੀਂ ਵਾਰ ਸਿੱਧਾ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

Thursday, Mar 31, 2022 - 11:57 AM (IST)

ਮੈਕਸੀਕੋ ਸਿਟੀ (ਭਾਸ਼)- ਮੈਕਸੀਕੋ ਨੇ ਬੁੱਧਵਾਰ ਰਾਤ ਆਪਣੇ ਆਖ਼ਰੀ ਕੁਆਲੀਫਾਈ ਮੈਚ ਵਿਚ ਐੱਲ ਸਲਵਾਡੋਰ ਨੂੰ 2-0 ਨਾਲ ਹਰਾ ਕੇ ਲਗਾਤਾਰ 8ਵੀਂ ਵਾਰ ਸਿੱਧਾ ਫੁੱਟਬਾਲ ਵਿਸ਼ਵ ਕੱਪ ਵਿਚ ਜਗ੍ਹਾ ਪੱਕੀ ਕਰ ਲਈ। ਕਾਨਕਾਕਾਫ (ਉਤਰ ਅਤੇ ਮੱਧ ਅਮਰੀਕਾ ਅਤੇ ਕੈਰੇਬੀਆਈ ਫੁੱਟਬਾਲ ਯੂਨੀਅਨਾਂ ਦੇ ਸੰਘ) ਵੱਲੋਂ 3 ਆਟੋਮੈਟਿਕ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਹਨ। ਕੈਨੇਡਾ ਨੇ ਪਹਿਲਾਂ ਹੀ ਐਤਵਾਰ ਨੂੰ ਟੋਰਾਂਟੋ ਵਿਚ ਜਮੈਕਾ 'ਤੇ 4-0 ਦੀ ਜਿੱਤ ਨਾਲ 36 ਸਾਲਾਂ ਵਿਚ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ਕੈਨੇਡਾ ਦੀ ਟੀਮ ਆਪਣੇ ਆਖ਼ਰੀ ਮੈਚ ਵਿਚ ਪਨਾਮਾ ਤੋਂ 0-1 ਨਾਲ ਹਾਰ ਗਈ ਪਰ ਉਹ 8 ਟੀਮਾਂ ਦੀ ਸੂਚੀ ਵਿਚ 28 ਅੰਕ ਲੈ ਕੇ ਸਿਖਰ ’ਤੇ ਰਹੀ। ਮੈਕਸੀਕੋ 28 ਅੰਕ ਹਾਸਲ ਕਰਨ ਦੇ ਬਾਵਜੂਦ ਗੋਲ ਅੰਤਰ ਨਾਲ ਦੂਜੇ ਸਥਾਨ ’ਤੇ ਰਿਹਾ।

ਅਮਰੀਕੀ ਟੀਮ ਰੂਸ ਵਿਚ 2018 ਵਿਸ਼ਵ ਕੱਪ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ ਪਰ ਉਹ ਕੋਸਟਾ ਰਿਕਾ ਤੋਂ 2-0 ਦੀ ਹਾਰ ਦੇ ਬਾਵਜੂਦ 25 ਅੰਕ ਨਾਲ ਤੀਜੇ ਸਥਾਨ ’ਤੇ ਰਹਿ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਸਫ਼ਲ ਰਹੀ। ਮੈਕਸੀਕੋ ਲਈ ਅਜਟੇਕਾ ਸਟੇਡੀਅਮ ਵਿਚ ਹੋਏ ਮੈਚ ਵਿਚ ਉਰੀਅਲ ਅੰਤੁਲਾ ਨੇ 16ਵੇਂ ਮਿੰਟ ਵਿਚ ਗੋਲ ਕੀਤਾ ਅਤੇ ਫਿਰ ਰਾਲ ਜਿਮੇਨੇਜ ਨੇ ਪਹਿਲ ਹਾਫ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਪੈਨਲਟੀ ਕਿੱਕ ਨੂੰ ਗੋਲ ਵਿਚ ਬਦਲ ਦਿੱਤਾ।ਕੋਸਟਾ ਰੀਕਾ ਨੇ ਪਿਛਲੇ ਹਫ਼ਤੇ ਕੈਨੇਡਾ ਨੂੰ 1-0 ਨਾਲ ਹਰਾਇਆ ਸੀ ਅਤੇ ਐਤਵਾਰ ਨੂੰ ਹੋਂਡੂਰਸ ਨੂੰ 2-1 ਨਾਲ ਹਰਾਇਆ ਸੀ। ਉਹ ਸੂਚੀ ਵਿਚ ਚੌਥੇ ਸਥਾਨ 'ਤੇ ਰਹੀ, ਜਿਸ ਨਾਲ ਉਹ ਉਪ-ਮਹਾਂਦੀਪ ਦੇ ਪਲੇਆਫ ਵਿਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ, ਜਿਸ ਨੇ ਓਸਨੀਆ ਖੇਤਰ ਦੇ ਮੁਕਾਬਲੇ ਵਿਚ ਸੋਲੋਮਨ ਆਈਲੈਂਡ ਨੂੰ 5-0 ਨਾਲ ਹਰਾਇਆ ਸੀ। ਇਸ ਸਾਲ 21 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦਾ ਡਰਾਅ ਸ਼ੁੱਕਰਵਾਰ ਨੂੰ ਹੋਵੇਗਾ, ਜਿਸ ਵਿਚ 8 ਚੋਟੀ ਦਾ ਦਰਜਾ ਪ੍ਰਾਪਤ ਟੀਮਾਂ ਮੇਜ਼ਬਾਨ ਕਤਰ, ਅਰਜਨਟੀਨਾ, ਬੈਲਜੀਅਮ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਪੁਰਤਗਾਲ ਅਤੇ ਸਪੇਨ ਹੈ।


cherry

Content Editor

Related News