ਨਿਸ਼ਾਨੇਬਾਜ਼ ਅਭਿਵਨ ਬਿੰਦਰਾ ਦੇ ਜ਼ਰੀਨ ਨੂੰ ਸਮਰਥਨ ''ਤੇ ਮੈਰੀਕਾਮ ਨੇ ਜਤਾਈ ਨਿਰਾਸ਼ਾ
Saturday, Oct 19, 2019 - 05:11 PM (IST)
ਨਵੀਂ ਦਿੱਲੀ— ਭਾਰਤੀ ਸਟਾਰ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਸ਼ਨੀਵਾਰ ਨੂੰ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵੱਲੋਂ ਨਿਕਹਤ ਜ਼ਰੀਨ ਦੀ ਮੰਗ ਦਾ ਸਮਰਥਨ ਕਰਨ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਮੁੱਕੇਬਾਜ਼ੀ 'ਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਬਿੰਦਰਾ ਨੇ ਜ਼ਰੀਨ ਦੇ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਦੇ ਖਿਲਾਫ ਟ੍ਰਾਇਲ ਕਰਾਉਣ ਦੀ ਮੰਗ ਦਾ ਸਮਰਥਨ ਕੀਤਾ ਸੀ ਪਰ ਓਲੰਪਿਕ ਕਾਂਸੀ ਤਮਗਾ ਜੇਤੂ ਮੈਰੀਕਾਮ ਨੂੰ ਇਹ ਗੱਲ ਪਸੰਦ ਨਹੀਂ ਆਈ।
ਮੈਰੀਕਾਮ ਨੇ ਕਿਹਾ, ''ਬਿੰਦਰਾ ਓਲੰਪਿਕ ਸੋਨ ਤਮਗਾ ਜਿੱਤ ਚੁੱਕੇ ਹਨ ਪਰ ਮੈਂ ਵੀ ਵਿਸ਼ਵ ਚੈਂਪੀਅਨਸ਼ਿਪ 'ਚ ਕਈ ਸੋਨ ਤਮਗੇ ਜਿੱਤੇ ਹਨ। ਮੁੱਕੇਬਾਜ਼ੀ 'ਚ ਦਖ਼ਲਅੰਦਾਜ਼ੀ, ਉਨ੍ਹਾਂ ਦਾ ਇਸ 'ਚ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਨਿਸ਼ਾਨੇਬਾਜ਼ੀ ਦੇ ਬਾਰੇ 'ਚ ਗੱਲ ਨਹੀਂ ਕਰਦੀ। ਇਸ ਲਈ ਉਨ੍ਹਾਂ ਲਈ ਬਿਹਤਰ ਇਹੋ ਹੋਵੇਗਾ ਕਿ ਉਹ ਮੁੱਕੇਬਾਜ਼ੀ 'ਤੇ ਚੁੱਪ ਰਹਿਣ। ਉਹ ਮੁੱਕੇਬਾਜ਼ੀ ਦੇ ਨਿਯਮ ਨਹੀਂ ਜਾਣਦੇ।'' ਉਨ੍ਹਾਂ ਅੱਗੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਅਭਿਨਵ ਵੀ ਹਰ ਨਿਸ਼ਾਨੇਬਾਜ਼ੀ ਟੂਰਨਾਮੈਂਟ ਤੋਂ ਪਹਿਲਾਂ ਟ੍ਰਾਇਲਸ ਲਈ ਜਾਂਦੇ ਹੋਣਗੇ।'' ਬਿੰਦਰਾ ਅਤੇ ਜ਼ਰੀਨ ਦੋਵੇਂ ਵੱਖ-ਵੱਖ ਸਮਰਥਾਵਾਂ 'ਚ ਜੇ. ਐੱਸ. ਡਬਲਿਊ ਨਾਲ ਜੁੜੇ ਹੋਏ ਹਨ। ਬਿੰਦਰਾ ਨੇ ਟਵੀਟ ਕੀਤਾ ਸੀ, ''ਮੈਰੀਕਾਮ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਪਰ ਖਿਡਾਰੀ ਨੂੰ ਆਪਣੇ ਕਰੀਅਰ 'ਚ ਵਾਰ-ਵਾਰ ਸਬੂਤ ਦੇਣੇ ਪੈਂਦੇ ਹਨ। ਇਹ ਸਬੂਤ ਹੈ ਕਿ ਅਸੀਂ ਅੱਜ ਵੀ ਕੱਲ੍ਹ ਦੀ ਤਰ੍ਹਾਂ ਖੇਡ ਸਕਦੇ ਹਾਂ। ਕੱਲ੍ਹ ਤੋਂ ਬਿਹਤਰ ਅਤੇ ਆਉਣ ਵਾਲੇ ਕੱਲ੍ਹ ਤੋਂ ਬਿਹਤਰ। ਖੇਡ 'ਚ ਬੀਤਿਆ ਹੋਇਆ ਕੱਲ੍ਹ ਕੋਈ ਅਰਥ ਨਹੀਂ ਰਖਦਾ।''