ਮਾਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟ੍ਰਾਫੀ ਪੈਰਿਸ ’ਚ ਹੋਵੇਗੀ ਨਿਲਾਮ

Thursday, May 09, 2024 - 10:46 AM (IST)

ਮਾਰਾਡੋਨਾ ਦੀ ਵਿਸ਼ਵ ਕੱਪ ਗੋਲਡਨ ਬਾਲ ਟ੍ਰਾਫੀ ਪੈਰਿਸ ’ਚ ਹੋਵੇਗੀ ਨਿਲਾਮ

ਪੈਰਿਸ– ਮਹਾਨ ਫੁੱਟਬਾਲ ਖਿਡਾਰੀ ਡਿਆਗੋ ਮਾਰਾਡੋਨਾ ਦੀ 1986 ਵਿਸ਼ਵ ਕੱਪ ਦੀ ਗੋਲਡਨ ਬਾਲ ਟ੍ਰਾਫੀ ਫਿਰ ਤੋਂ ਸਾਹਮਣੇ ਆ ਗਈ ਹੈ। ਅਗੁਟੇਸ ਹਾਊਸ ਨੇ ਕਿਹਾ ਕਿ ਦਹਾਕਿਆਂ ਤੋਂ ਗਾਇਬ ਇਸ ਐਵਾਰਡ ਦੀ ਅਗਲੇ ਮਹੀਨੇ ਪੈਰਿਸ ’ਚ ਨਿਲਾਮੀ ਕੀਤੀ ਜਾਵੇਗੀ। ਮਾਰਾਡੋਨਾ ਦਾ 2020 ’ਚ 60 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 1986 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਇਸ ਟ੍ਰਾਫੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਮੈਕਸੀਕੋ ਸਿਟੀ ’ਚ ਫਾਈਨਲ ’ਚ ਪੱਛਮੀ ਜਰਮਨੀ ’ਤੇ 3-2 ਦੀ ਜਿੱਤ ਦੌਰਾਨ ਅਰਜਨਟੀਨਾ ਦੀ ਕਪਤਾਨੀ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਰਟਰ ਫਾਈਨਲ ’ਚ ਇੰਗਲੈਂਡ ’ਤੇ 2-1 ਦੀ ਜਿੱਤ ’ਚ ਵਿਵਾਦਗ੍ਰਸਤ ‘ਹੈਂਡ ਆਫ ਗੌਡ’ ਗੋਲ ਅਤੇ ‘ਸਦੀ ਦਾ ਸਰਵਸ਼੍ਰੇਸ਼ਠ’ ਗੋਲ ਕੀਤਾ ਸੀ।
ਨਿਲਾਮੀ ਘਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਟ੍ਰਾਫੀ ਆਪਣੀ ਵਿਸ਼ੇਸ਼ਤਾ ਦੇ ਕਾਰਨ ਲੱਖਾਂ ਯੂਰੋ ’ਚ ਵਿਕੇਗੀ। ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਗੋਲਡਨ ਬਾਲ ਟ੍ਰਾਫੀ ਦਿੱਤੀ ਜਾਂਦੀ ਹੈ। ਹਾਲਾਂਕਿ ਬਾਅਦ ’ਚ ਇਹ ਟ੍ਰਾਫੀ ਗਾਇਬ ਹੋ ਗਈ, ਜਿਸ ਨੇ ਕਾਫੀ ਅਫਵਾਹਾਂ ਨੂੰ ਜਨਮ ਦਿੱਤਾ। ਅਗੁਟੇਸ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਇਕ ਪੋਕਰ ਮੈਚ ਦੌਰਾਨ ਗੁਆਚ ਗਈ ਸੀ ਜਾਂ ਕਰਜ਼ਾ ਚੁਕਾਉਣ ਲਈ ਇਸ ਨੂੰ ਵੇਚ ਦਿੱਤਾ ਗਿਆ ਸੀ। ਹੋਰ ਲੋਕਾਂ ਦਾ ਕਹਿਣਾ ਹੈ ਕਿ ਮਾਰਾਡੋਨਾ ਜਦ ਇਟਾਲੀਅਨ ਲੀਗ ’ਚ ਖੇਡ ਰਿਹਾ ਸੀ ਤਾਂ ਉਨ੍ਹਾਂ ਇਸ ਨੂੰ ਨੇਪਲਸ ਬੈਂਕ ਦੀ ਇਕ ਤਿਜੋਰੀ ’ਚ ਰੱਖਿਆ ਸੀ, ਜਿਸ ਨੂੰ 1989 ’ਚ ਸਥਾਨਕ ਅਪਰਾਧੀਆਂ ਨੇ ਲੁੱਟ ਲਿਆ ਸੀ। ਬਾਅਦ ’ਚ ਮਾਫੀਆ ਦੇ ਇਕ ਮੈਂਬਰ ਨੇ ਕਿਹਾ ਸੀ ਕਿ ਟ੍ਰਾਫੀ ਨੂੰ ਪਿਘਲਾ ਕੇ ਸੋਨਾ ਕੱਢ ਲਿਆ ਗਿਆ ਸੀ।


author

Aarti dhillon

Content Editor

Related News