ਓਲੰਪਿਕ ਕੋਟਾ ਹਾਸਲ ਕਰਨ ਦੀ ਭਾਰਤ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰਨਗੀਆਂ ਮਨੂ ਭਾਕਰ ਤੇ ਨੀਰੂ ਢਾਂਡਾ
Monday, Oct 26, 2026 - 02:35 PM (IST)
ਨਵੀਂ ਦਿੱਲੀ : ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਨੀਰੂ ਢਾਂਡਾ ਕਤਰ ਦੇ ਦੋਹਾ ਵਿਖੇ 1 ਤੋਂ 14 ਨਵੰਬਰ ਤੱਕ ਹੋਣ ਵਾਲੀ ਆਈ.ਐੱਸ.ਐੱਸ.ਐੱਫ. (ISSF) ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਨਿਸ਼ਾਨੇਬਾਜ਼ੀ ਦਲ ਦੀ ਅਗਵਾਈ ਕਰਨਗੀਆਂ। ਇਹ ਚੈਂਪੀਅਨਸ਼ਿਪ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਨਿਸ਼ਾਨੇਬਾਜ਼ੀ ਦੀ ਕੁਆਲੀਫਿਕੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕਰੇਗੀ, ਜਿਸ ਵਿੱਚ ਕੁੱਲ 36 ਓਲੰਪਿਕ ਕੋਟੇ ਦਾਅ 'ਤੇ ਹੋਣਗੇ।
ਦੋਹਾ ਵਿਖੇ ਹੋਣ ਵਾਲੀ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਓਲੰਪਿਕ ਅਤੇ ਗੈਰ-ਓਲੰਪਿਕ ਈਵੈਂਟਾਂ ਨੂੰ ਮਿਲਾ ਕੇ ਕੁੱਲ 54 ਭਾਰਤੀ ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਭਾਰਤ ਸਾਰੀਆਂ 12 ਵਿਅਕਤੀਗਤ ਓਲੰਪਿਕ ਈਵੈਂਟਾਂ ਵਿੱਚ ਭਾਗ ਲਵੇਗਾ, ਜਿਨ੍ਹਾਂ ਵਿੱਚ 35 ਖਿਡਾਰੀ ਚੁਣੌਤੀ ਪੇਸ਼ ਕਰਨਗੇ। ਮਨੂ ਭਾਕਰ 10 ਮੀਟਰ ਏਅਰ ਪਿਸਟਲ ਅਤੇ 25 ਮੀਟਰ ਪਿਸਟਲ ਈਵੈਂਟਾਂ ਵਿੱਚ ਖੇਡਣਗੀਆਂ, ਜਦਕਿ ਏਸ਼ੀਆਈ ਖੇਡਾਂ 'ਚ 2 ਸੋਨ ਤਗਮੇ ਜਿੱਤਣ ਵਾਲੀ ਨੀਰੂ ਢਾਂਡਾ ਟ੍ਰੈਪ ਨਿਸ਼ਾਨੇਬਾਜ਼ੀ ਵਿੱਚ ਹਿੱਸਾ ਲਵੇਗੀ। ਭਾਰਤੀ ਦਲ ਵਿੱਚ ਇਲਾਵੇਨਿਲ ਵਲਾਰਿਵਨ, ਏਸ਼ਵਰਯ ਪ੍ਰਤਾਪ ਸਿੰਘ ਤੋਮਰ, ਅੰਜੁਮ ਮੁਦਗਿਲ ਅਤੇ ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਸਵਪਨਿਲ ਕੁਸਾਲੇ ਵੀ ਸ਼ਾਮਲ ਹਨ।
