2028 ਤੱਕ ਭਾਰਤ ਵਿਚ ਫਾਰਮੂਲਾ-1 ਦੀ ਵਾਪਸੀ ਦੀ ਉਮੀਦ, ਅਡਾਨੀ ਗਰੁੱਪ ਨਾਲ ਚਰਚਾ

Thursday, Oct 15, 2026 - 11:15 AM (IST)

2028 ਤੱਕ ਭਾਰਤ ਵਿਚ ਫਾਰਮੂਲਾ-1 ਦੀ ਵਾਪਸੀ ਦੀ ਉਮੀਦ, ਅਡਾਨੀ ਗਰੁੱਪ ਨਾਲ ਚਰਚਾ

ਨਵੀਂ ਦਿੱਲੀ : ਭਾਰਤ ਦੇ ਮੋਟਰਸਪੋਰਟਸ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ, ਕਿਉਂਕਿ 15 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਭਾਰਤ ਵਿੱਚ ਫਾਰਮੂਲਾ-ਵਨ (F1) ਰੇਸ ਦੀ ਵਾਪਸੀ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਹਾਲ ਹੀ ਵਿੱਚ ਸਿੰਗਾਪੁਰ ਵਿਖੇ ਅਡਾਨੀ ਗਰੁੱਪ ਦੇ ਸੀਨੀਅਰ ਅਧਿਕਾਰੀਆਂ ਅਤੇ ਫਾਰਮੂਲਾ-ਵਨ ਮੈਨੇਜਮੈਂਟ ਵਿਚਾਲੇ ਭਾਰਤ ਵਿੱਚ ਰੇਸ ਆਯੋਜਿਤ ਕਰਨ ਦੇ ਮੁੱਦੇ 'ਤੇ ਅਹਿਮ ਚਰਚਾ ਹੋਈ ਹੈ। ਇਸ ਗੱਲਬਾਤ ਤੋਂ ਬਾਅਦ ਸਾਲ 2028 ਵਿੱਚ ਗ੍ਰੇਟਰ ਨੋਇਡਾ ਸਥਿਤ ਬੁੱਧ ਇੰਟਰਨੈਸ਼ਨਲ ਸਰਕਿਟ 'ਤੇ F1 ਰੇਸ ਦੇ ਆਯੋਜਨ ਦੀਆਂ ਉਮੀਦਾਂ ਕਾਫ਼ੀ ਵਧ ਗਈਆਂ ਹਨ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਆਖਰੀ ਵਾਰ ਸਾਲ 2013 ਵਿੱਚ ਫਾਰਮੂਲਾ-ਵਨ ਰੇਸ ਖੇਡੀ ਗਈ ਸੀ।

ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਿਟ 'ਤੇ ਸਾਲ 2011 ਤੋਂ 2013 ਤੱਕ ਲਗਾਤਾਰ ਤਿੰਨ ਸਾਲ ਫਾਰਮੂਲਾ-ਵਨ ਰੇਸਾਂ ਦੀ ਸਫ਼ਲ ਮੇਜ਼ਬਾਨੀ ਕੀਤੀ ਗਈ ਸੀ। ਹਾਲਾਂਕਿ, ਇਸ ਤੋਂ ਬਾਅਦ ਟੈਕਸ ਵਿਵਾਦਾਂ, ਨਿਯਾਮਕ  ਸਮੱਸਿਆਵਾਂ ਅਤੇ ਵਿੱਤੀ ਕਾਰਨਾਂ ਕਰਕੇ ਭਾਰਤ ਵਿੱਚ F1 ਰੇਸ ਦਾ ਆਯੋਜਨ ਬੰਦ ਹੋ ਗਿਆ ਸੀ। ਅਡਾਨੀ ਗਰੁੱਪ ਨੇ ਕੁਝ ਸਾਲ ਪਹਿਲਾਂ ਜੈਪ੍ਰਕਾਸ਼ ਐਸੋਸੀਏਟਸ ਦਾ ਅਧਿਗ੍ਰਹਿਣ ਕੀਤਾ ਸੀ, ਜਿਸ ਨਾਲ ਬੁੱਧ ਇੰਟਰਨੈਸ਼ਨਲ ਸਰਕਿਟ ਵੀ ਅਡਾਨੀ ਗਰੁੱਪ ਦੇ ਅਧੀਨ ਆ ਗਿਆ ਹੈ। ਹਾਲਾਂਕਿ ਆਯੋਜਨ ਲਈ F1 ਪ੍ਰਬੰਧਨ ਦੀ ਮਨਜ਼ੂਰੀ, ਸਰਕਿਟ ਦੇ ਅੱਪਗ੍ਰੇਡੇਸ਼ਨ, ਆਯੋਜਨ ਫ਼ੀਸ, ਸੁਰੱਖਿਆ ਅਤੇ ਲੋਜਿਸਟਿਕਸ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਕੇਂਦਰ ਸਰਕਾਰ ਵੀ ਭਾਰਤ ਵਿੱਚ ਫਾਰਮੂਲਾ-ਵਨ ਦੀ ਵਾਪਸੀ ਦੀ ਪੁਰਜ਼ੋਰ ਸਮਰਥਕ ਹੈ। ਸਰਕਾਰ ਨੇ ਫਾਰਮੂਲਾ-1 ਸਮੇਤ ਪ੍ਰਮੁੱਖ ਮੋਟਰਸਪੋਰਟਸ ਆਯੋਜਨਾਂ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਲਈ ਇੱਕ ਵਿਸ਼ੇਸ਼ 'ਟਾਸਕ ਫੋਰਸ' ਗਠਿਤ ਕਰਨ ਦੀ ਪਹਿਲ ਕੀਤੀ ਹੈ। ਇਸ ਦਾ ਮੁੱਖ ਮਕਸਦ ਟੈਕਸ ਪ੍ਰਕਿਰਿਆਵਾਂ, ਨਿਯਾਮਕ ਮੁੱਦਿਆਂ, ਬੁਨਿਆਦੀ ਢਾਂਚੇ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣਾ ਹੈ ਤਾਂ ਜੋ 2028 ਤੱਕ F1 ਦੀ ਵਾਪਸੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।


author

Tarsem Singh

Content Editor

Related News