ਪਿਛਲੇ ਸਾਲ ਹਾਕੀ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਹੁਣ ਓਲੰਪਿਕ ਤਮਗਾ ਜਿੱਤਣਾ ਚਾਹੁੰਦੀ ਹਾਂ : ਸਵਿਤਾ

Saturday, Oct 17, 2026 - 01:00 PM (IST)

ਪਿਛਲੇ ਸਾਲ ਹਾਕੀ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਹੁਣ ਓਲੰਪਿਕ ਤਮਗਾ ਜਿੱਤਣਾ ਚਾਹੁੰਦੀ ਹਾਂ : ਸਵਿਤਾ

ਨਵੀਂ ਦਿੱਲੀ– ਹਾਲਾਤ ਤੋਂ ਪ੍ਰੇਸ਼ਾਨ ਹੋ ਕੇ ਤਜ਼ਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਪਿਛਲੇ ਸਾਲ ਹਾਕੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਸੀ ਪਰ ਇਸ ਸਾਲ ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ’ਚ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਹੁਣ ਉਸ ਨੂੰ ਪੂਰਾ ਯਕੀਨ ਹੈ ਕਿ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਅਸਲ ’ਚ ਪੂਰਾ ਹੋ ਸਕਦਾ ਹੈ।

ਏਸ਼ੀਆਈ ਖੇਡਾਂ ’ਚ 44 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੇ ਸੋਨ ਤਮਗਾ ਜਿੱਤ ਕੇ ਲਾਸ ਏਂਜਲਸ ਓਲੰਪਿਕ 2028 ਲਈ ਕੁਆਲੀਫਾਈ ਕਰ ਲਿਆ ਹੈ। ਚੀਨ ਵਿਰੁੱਧ ਫਾਈਨਲ ’ਚ ਪੈਨਲਟੀ ਸਟ੍ਰੋਕ ਬਚਾ ਕੇ ਜਿੱਤ ਦੀ ਸੂਤਰਧਾਰ ਬਣੀ ਸਵਿਤਾ ਨੇ ਕਿਹਾ, ‘‘ਵਿਸ਼ਵ ਕੱਪ ’ਚ ਅਸੀਂ ਇਤਿਹਾਸਕ 5ਵਾਂ ਸਥਾਨ ਹਾਸਲ ਕੀਤਾ। ਏਸ਼ੀਆਈ ਖੇਡਾਂ ’ਚ 44 ਸਾਲਾਂ ਬਾਅਦ ਸੋਨਾ ਜਿੱਤਿਆ ਅਤੇ ਹੁਣ ਲਾਸ ਏਂਜਲਸ ਓਲੰਪਿਕ ਦਾ ਤਮਗਾ ਜ਼ਦ ’ਚ ਦਿਖ ਰਿਹਾ ਹੈ।’’

ਭਾਰਤ ਲਈ ਸਭ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡਣ ਵਾਲੀ ਮਹਿਲਾ ਹਾਕੀ ਖਿਡਾਰੀ ਬਣੀ ਸਵਿਤਾ ਨੇ ਕਿਹਾ, ‘‘ਮੇਰਾ ਸੁਪਨਾ ਹੈ ਓਲੰਪਿਕ ’ਚ ਪੋਡੀਅਮ ’ਤੇ ਖੜ੍ਹੇ ਹੋਣਾ ਅਤੇ ਮੈਂ ਲਾਸ ਏਂਜਲਸ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਟੋਕੀਓ ਦਾ ਅਫਸੋਸ ਉੱਥੇ ਖਤਮ ਹੋਵੇਗਾ, ਇਸ ਦਾ ਪੂਰਾ ਯਕੀਨ ਹੈ।’’

ਸਵਿਤਾ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਹਾਕੀ ਇੰਡੀਆ ਨੂੰ ਈ-ਮੇਲ ਕਰ ਦਿੱਤੀ ਸੀ ਕਿ ਉਹ ਸੰਨਿਆਸ ਲੈਣ ਜਾ ਰਹੀ ਹੈ ਪਰ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ।

ਉਸ ਨੇ ਕਿਹਾ, ‘‘ਮੈਂ ਪਿਛਲੇ ਸਾਲ ਹਾਕੀ ਇੰਡੀਆ ਨੂੰ ਈਮੇਲ ਕਰ ਦਿੱਤੀ ਸੀ ਕਿ ਮੈਨੂੰ ਹੁਣ ਨਹੀਂ ਖੇਡਣਾ ਪਰ ਮੈਨੂੰ ਅਜਿਹਾ ਕਰਨ ਤੋਂ ਫੈੱਡਰੇਸ਼ਨ ਨੇ ਰੋਕਿਆ। ਮੈਂ ਕੈਂਪ ਛੱਡ ਕੇ ਘਰ ਵੀ ਚਲੀ ਗਈ ਸੀ ਪਰ ਫਿਰ ਸ਼ੋਰਡ ਮਾਰਿਨ ਕੋਚ ਬਣ ਕੇ ਆਏ ਤਾਂ ਮੈਨੂੰ ਲੱਗਾ ਕਿ ਅਜੇ ਖੇਡ ਸਕਦੀ ਹਾਂ।’’

ਪਦਮਸ਼੍ਰੀ ਨਾਲ ਨਵਾਜ਼ੀ ਜਾ ਚੁੱਕੀ 36 ਸਾਲਾ ਇਸ ਖਿਡਾਰਨ ਨੇ ਕਿਹਾ, ‘‘ਮੈਂ ਹਾਕੀ ਨੂੰ ਬਹੁਤ ਮਿਸ ਕੀਤਾ। ਪ੍ਰਾਪਤੀ ਆਪਣੀ ਜਗ੍ਹਾ ਹੈ ਪਰ ਤੁਸੀਂ ਮਜ਼ੇ ਨਾਲ ਖੇਡਦੇ ਹੋ ਤਾਂ ਹੋਰ ਚੰਗਾ ਕਰਨ ਦਾ ਮਨ ਕਰਦਾ ਹੈ। ਇਸ ਕੋਚਿੰਗ ਸਟਾਫ ਦੇ ਨਾਲ ਟੋਕੀਓ ’ਚ ਖੇਡ ਚੁੱਕੀ ਸੀ ਅਤੇ ਲੱਗਾ ਕਿ ਫਿਰ ਖੇਡ ਸਕਦੀ ਹਾਂ।’’


author

Tarsem Singh

Content Editor

Related News