ਫ੍ਰੈਂਚ ਓਪਨ : ਸਿੰਧੂ ਅਤੇ ਲਕਸ਼ੈ ਦੀ ਅਗਵਾਈ ਹੇਠ ਭਾਰਤੀ ਬੈਡਮਿੰਟਨ ਖਿਡਾਰੀ ਵਾਪਸੀ ਲਈ ਤਿਆਰ
Monday, Oct 19, 2026 - 12:13 PM (IST)
ਪੈਰਿਸ : ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਦੀ ਅਗਵਾਈ ਹੇਠ ਭਾਰਤੀ ਬੈਡਮਿੰਟਨ ਖਿਡਾਰੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ 9,50,000 ਅਮਰੀਕੀ ਡਾਲਰ ਇਨਾਮੀ ਰਾਸ਼ੀ ਵਾਲੇ ਫ੍ਰੈਂਚ ਓਪਨ ਸੁਪਰ 750 ਟੂਰਨਾਮੈਂਟ ਵਿੱਚ ਵਾਪਸੀ ਕਰਨ ਲਈ ਬੇਤਾਬ ਹਨ। ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿੱਚ ਸਿੰਧੂ ਦਾ ਸਾਹਮਣਾ ਦੱਖਣੀ ਕੋਰੀਆ ਦੀ ਚੋਟੀ ਦੀ ਦਰਜਾ ਪ੍ਰਾਪਤ ਆਨ ਸੇ ਯੰਗ ਨਾਲ ਹੋਵੇਗਾ। ਪਿਛਲੇ ਹਫ਼ਤੇ ਡੈਨਮਾਰਕ ਓਪਨ ਦੇ ਪਹਿਲੇ ਦੌਰ 'ਚ ਜਰਮਨੀ ਦੀ ਯਵੋਨ ਲੀ ਤੋਂ ਹਾਰਨ ਤੋਂ ਬਾਅਦ ਸਿੰਧੂ ਲਈ ਇਹ ਮੁਕਾਬਲਾ ਕਾਫ਼ੀ ਚੁਣੌਤੀਪੂਰਨ ਹੋਵੇਗਾ।
ਪੁਰਸ਼ ਸਿੰਗਲਜ਼ ਵਿੱਚ ਛੇਵੀਂ ਸੀਡ ਪ੍ਰਾਪਤ ਲਕਸ਼ਯ ਸੇਨ ਦਾ ਸਾਹਮਣਾ ਜਪਾਨ ਦੇ ਕੋਦਾਈ ਨਾਰਾਓਕਾ ਨਾਲ ਹੋਵੇਗਾ, ਜਦਕਿ ਕਿਦਾਂਬੀ ਸ਼੍ਰੀਕਾਂਤ ਆਪਣੇ ਹੀ ਦੇਸ਼ ਦੇ ਆਯੁਸ਼ ਸ਼ੈੱਟੀ ਨਾਲ ਭਿੜਨਗੇ। ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਦਾ ਟਾਕਰਾ ਫਰਾਂਸ ਦੇ ਕ੍ਰਿਸਟੋ ਪੋਪੋਵ ਅਤੇ ਟੋਮਾ ਜੂਨੀਅਰ ਪੋਪੋਵ ਨਾਲ ਹੋਵੇਗਾ। ਇਸ ਤੋਂ ਇਲਾਵਾ ਮਹਿਲਾ ਡਬਲਜ਼ ਵਿੱਚ ਤ੍ਰੀਸਾ ਜੋਲੀ ਅਤੇ ਗਾਇਤਰੀ ਗੋਪੀਚੰਦ ਤਾਈਵਾਨ ਦੀ ਜੋੜੀ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੀਆਂ।
