ਹੁਣ ਮੇਰਾ ਇਕਮਾਤਰ ਟੀਚਾ ਓਲੰਪਿਕ ਤਮਗਾ ਜਿੱਤਣਾ : ਮਣਿਕਾ
Thursday, Sep 20, 2018 - 04:15 PM (IST)

ਨਵੀਂ ਦਿੱਲੀ— ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਕੁੱਲ ਪੰਜ ਤਮਗੇ ਜਿੱਤ ਕੇ ਇਤਿਹਾਸ ਬਣਾਉਣ ਵਾਲੀ ਟੇਬਲ ਟੈਨਿਸ ਸਟਾਰ ਮਣਿਕਾ ਬੱਤਰਾ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਉਨ੍ਹਾਂ ਦਾ ਇਕਮਾਤਰ ਟੀਚਾ ਵਿਸ਼ਵ ਰੈਂਕਿੰਗ 'ਚ ਟਾਪ-30 'ਚ ਜਗ੍ਹਾ ਬਣਾਉਣਾ ਅਤੇ ਅਗਲੇ ਓਲੰਪਿਕ 'ਚ ਦੇਸ਼ ਲਈ ਤਮਗਾ ਜਿੱਤਣਾ ਹੈ। ਮਣਿਕਾ ਨੇ ਪੱਤਰਕਾਰ ਸੰਮੇਲਨ 'ਚ ਕਿਹਾ, ''ਮੈਂ ਇਨ੍ਹਾਂ ਦੋਹਾਂ ਪ੍ਰਸਿੱਧ ਟੂਰਨਾਮੈਂਟਾਂ 'ਚ ਤਮਗੇ ਜਿੱਤੇ ਹਨ ਜਿਸ ਕਰਕੇ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਦੌਰਾਨ ਵਿਸ਼ਵ ਦੇ ਚੌਥੇ ਨੰਬਰ ਅਤੇ 20ਵੇਂ ਨੰਬਰ ਦੇ ਖਿਡਾਰੀਆਂ ਨੂੰ ਹਰਾਇਆ ਜਿਸ ਨਾਲ ਮੇਰਾ ਮਨੋਬਲ ਬਹੁਤ ਮਜ਼ਬੂਤ ਹੋਇਆ।
ਦਿੱਲੀ ਦੀ ਇਸ ਖਿਡਾਰਨ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਦੋ ਸੋਨ ਸਮੇਤ ਚਾਰ ਤਮਗੇ ਜਿੱਤੇ ਅਤੇ ਇੰਡੋਨੇਸ਼ੀਆਈ ਖੇਡਾਂ 'ਚ ਪਹਿਲੀ ਵਾਰ ਦੇਸ਼ ਨੂੰ ਕਾਂਸੀ ਤਮਗਾ ਦਿਵਾਇਆ। ਮਣਿਕਾ ਨੂੰ ਇਸ ਉੁਪਲਬਧੀ ਲਈ ਮਸ਼ਹੂਰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ। ਮਣਿਕਾ ਨੇ ਇਸ ਐਵਾਰਡ ਲਈ ਚੁਣੇ ਜਾਣ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ''ਮੈਂ ਹੁਣ ਓਲੰਪਿਕ ਲਈ ਸਖਤ ਮਿਹਨਤ ਕਰਾਂਗੀ ਅਤੇ 2020 ਓਲੰਪਿਕ 'ਚ ਤਮਗਾ ਜਿੱਤਣ ਲਈ ਪੂਰਾ ਜ਼ੋਰ ਲਗਾਵਾਂਗੀ। ਮੇਰਾ ਹੁਣ ਇਕ ਹੀ ਟੀਚਾ ਹੈ ਵਿਸ਼ਵ ਰੈਂਕਿੰਗ 'ਚ ਟਾਪ-30 'ਚ ਜਗ੍ਹਾ ਬਣਾਉਣਾ ਅਤੇ ਓਲੰਪਿਕ ਤਮਗਾ ਜਿੱਤਣਾ।''