ਧੋਨੀ ਨੇ ਆਪਣੇ ਕਿਰਦਾਰ ਨਾਲ ਦੁਨੀਆਭਰ ''ਚ ਹਾਸਲ ਕੀਤਾ ਸਨਮਾਨ : ਲਕਸ਼ਮਣ
Wednesday, Aug 19, 2020 - 05:21 PM (IST)
ਨਵੀਂ ਦਿੱਲੀ (ਵਾਰਤਾ) : ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵੀ.ਵੀ.ਐਸ. ਲਕਸ਼ਮਣ ਨੇ ਕਿਹਾ ਹੈ ਕਿ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਕਿਰਦਾਰ ਨਾਲ ਦੁਨੀਆਭਰ ਵਿਚ ਸਨਮਾਨ ਹਾਸਲ ਕੀਤਾ ਹੈ। ਟੀਮ ਦੇ ਸਾਬਕਾ ਕਪਤਾਨ ਧੋਨੀ ਨੇ 15 ਅਗਸਤ ਨੂੰ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਸੀ। ਧੋਨੀ ਟੀਮ ਇੰਡੀਆ ਦੇ ਇੱਕਮਾਤਰ ਕਪਤਾਨ ਹਨ, ਜਿਨ੍ਹਾਂ ਨੇ ਆਈ.ਸੀ.ਸੀ. ਦੇ ਤਿੰਨੇ ਟੂਰਨਾਮੈਂਟ ਜਿੱਤੇ ਹਨ।
ਲਕਸ਼ਮਣ ਨੇ ਕਿਹਾ, 'ਕ੍ਰਿਕੇਟ ਪ੍ਰਸ਼ੰਸਕਾਂ ਦਾ ਪਿਆਰ ਤੁਹਾਡੀ ਕ੍ਰਿਕਟ ਉਪਲੱਬਧੀਆਂ ਲਈ ਮਿਲਦਾ ਹੈ ਪਰ ਸਨਮਾਨ ਤੁਹਾਡਾ ਕਿਰਦਾਰ ਕਿਵੇਂ ਰਿਹਾ ਉਸ ਤੋਂ ਮਿਲਦਾ ਹੈ। ਮੈਨੂੰ ਹਮੇਸ਼ਾ ਲੱਗਦਾ ਹੈ ਕਿ ਭਾਰਤੀ ਟੀਮ ਦੀ ਕਪਤਾਨੀ ਕਰਣਾ ਕਿਸੇ ਲਈ ਵੀ ਕਾਫ਼ੀ ਔਖਾ ਹੈ, ਕਿਉਂਕਿ ਦੁਨੀਆਭਰ ਦੇ ਲੋਕਾਂ ਨੂੰ ਟੀਮ ਤੋਂ ਕਾਫ਼ੀ ਉਮੀਦ ਹੁੰਦੀ ਹੈ।' ਉਨ੍ਹਾਂ ਕਿਹਾ, 'ਦੁਨੀਆਭਰ ਦੇ ਭਾਰਤੀ ਚਾਹੁੰਦੇ ਹਨ ਕਿ ਟੀਮ ਇੰਡੀਆ ਚੰਗਾ ਪ੍ਰਦਰਸ਼ਨ ਕਰੇ, ਇਸ ਲਈ ਭਾਰਤੀ ਟੀਮ ਦੇ ਕਪਤਾਨ 'ਤੇ ਕਾਫ਼ੀ ਜ਼ਿੰਮੇਦਾਰੀ ਹੁੰਦੀ ਹੈ ਪਰ ਧੋਨੀ ਭਾਵਨਾਤਮਕ ਰੂਪ ਤੋਂ ਹਮੇਸ਼ਾ ਨਤੀਜਿਆਂ ਤੋਂ ਬੇਪਰਵਾਹ ਰਹੇ ਹਨ।' ਸਾਬਕਾ ਖਿਡਾਰੀ ਨੇ ਕਿਹਾ, 'ਉਨ੍ਹਾਂ ਨੇ ਨਾ ਸਿਫਰ ਖੇਡ ਪ੍ਰਸ਼ੰਸਕ ਸਗੋਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਦੱਸਿਆ ਹੈ ਕਿ ਦੇਸ਼ ਦਾ ਅੰਬੈਸਡਰ ਕਿਵੇਂ ਬਣਿਆ ਜਾਂਦਾ ਹੈ ਅਤੇ ਤੁਹਾਨੂੰ ਜਨਤਕ ਜੀਵਨ ਵਿਚ ਕਿਵੇਂ ਵਰਤਾਓ ਕਰਣਾ ਹੈ। ਇਸ ਲਈ ਉਨ੍ਹਾਂ ਨੂੰ ਇੰਨਾ ਸਨਮਾਨ ਮਿਲਦਾ ਹੈ।'
ਲਕਸ਼ਮਣ ਨੇ ਕਿਹਾ, 'ਜੇਕਰ ਤੁਸੀਂ ਸੋਸ਼ਲ ਮੀਡੀਆ ਪੋਸਟ ਵੇਖੋ ਤਾਂ ਸਿਰਫ਼ ਸਾਬਕਾ ਖਿਡਾਰੀਆਂ ਜਾਂ ਕ੍ਰਿਕਟ ਪ੍ਰਸ਼ੰਸਕਾਂ ਨੇ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਨੇ ਜਿਸ ਵਿਚ ਫਿਲਮੀ ਸਿਤਾਰੇ, ਮਸ਼ਹੂਰ ਉਦਯੋਗਪਤੀ, ਰਾਜਨੇਤਾਵਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੁਨੀਆਭਰ ਦੇ ਸਾਬਕਾ ਕ੍ਰਿਕਟਰਾਂ ਨੇ ਧੋਨੀ ਨੂੰ ਨਾ ਸਿਰਫ਼ ਭਾਰਤੀ ਕ੍ਰਿਕਟ ਸਗੋਂ ਗਲੋਬਲ ਕ੍ਰਿਕਟ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।'