ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਜਿੱਤਿਆ ਜਨਰੇਸ਼ਨ ਕੱਪ ਸ਼ਤਰੰਜ ਖ਼ਿਤਾਬ, ਅਰਜੁਨ ਰਹੇ ਉਪ-ਜੇਤੂ
Tuesday, Sep 27, 2022 - 04:50 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)- ਭਾਰਤ ਦੇ ਅਰਜੁਨ ਐਰਿਗਾਸੀ ਨੂੰ ਜੂਲੀਅਸ ਬੇਅਰ ਜਨਰੇਸ਼ਨ ਕੱਪ ਸ਼ਤਰੰਜ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਦੇ ਦੂਜੇ ਦਿਨ ਵੀ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਕਾਰਲਸਨ ਜੇਤੂ ਬਣ ਗਿਆ ਹੈ। ਬੈਸਟ-ਆਫ-2 ਫਾਈਨਲ ਦੇ ਪਹਿਲੇ ਦਿਨ ਜ਼ੋਰਦਾਰ ਲੈਅ 'ਚ ਨਜ਼ਰ ਆ ਰਹੇ ਕਾਰਲਸਨ ਨੇ ਅਰਜੁਨ ਨੂੰ 2.5-0.5 ਨਾਲ ਹਰਾ ਕੇ 1-0 ਦੀ ਬੜ੍ਹਤ ਬਣਾ ਲਈ ਅਤੇ ਦੂਜੇ ਦਿਨ ਜਿੱਤ ਲਈ ਲੋੜੀਂਦੇ 2 ਅੰਕ ਕਾਰਲਸਨ ਨੇ ਪਹਿਲੇ ਦੋ ਮੁਕਾਬਲਿਆਂ 'ਚ ਹੀ ਹਾਸਲ ਕਰਕੇ ਖਿਤਾਬ ਜਿੱਤਿਆ।
ਦੂਜੇ ਦਿਨ ਸਫੇਦ ਮੋਹਰਿਆਂ ਨਾਲ ਖੇਡ ਰਹੇ ਅਰਜੁਨ ਨੇ ਪਹਿਲੇ ਮੁਕਾਬਲੇ ਦੀ ਸ਼ੁਰੂਆਤ ਵਿੱਚ ਪਿਰਕ ਓਪਨਿੰਗ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਰਲਸਨ ਨੇ ਸ਼ਾਨਦਾਰ ਅੰਤ ਵਿੱਚ 43 ਚਾਲਾਂ ਵਿੱਚ ਉਸ ਨੂੰ ਹਰਾ ਦਿੱਤਾ। ਦੂਜੇ ਮੁਕਾਬਲੇ 'ਚ ਅਰਜੁਨ ਕੋਲ ਜਿੱਤਣ ਦੇ ਇਲਾਵਾ ਕੋਈ ਬਦਲ ਨਹੀਂ ਸੀ ਪਰ ਕਾਰਲਸਨ ਨੇ ਸਫ਼ੈਦ ਮੁਹਰਿਆਂ ਨਾਲ ਮੋਰਡਨ ਬੇਨੋਨੀ ਦੇ ਖ਼ਿਲਾਫ਼ ਕੋਈ ਮੌਕਾ ਨਾ ਦਿੰਦੇ ਹੋਏ 52 ਚਾਲਾਂ 'ਚ ਬਾਜ਼ੀ ਆਪਣੇ ਨਾਂ ਕਰ ਲਈ ਤੇ ਖ਼ਿਤਾਬ ਵੀ ਜਿੱਤ ਲਿਆ।