ਬੇਂਜੇਮਾ ਦੀ ਹੈਟ੍ਰਿਕ ਨਾਲ ਮੈਡ੍ਰਿਡ ਨੇ ਵਲਾਡੋਲਿਡ ਨੂੰ 6-0 ਨਾਲ ਹਰਾਇਆ

Tuesday, Apr 04, 2023 - 02:32 PM (IST)

ਬੇਂਜੇਮਾ ਦੀ ਹੈਟ੍ਰਿਕ ਨਾਲ ਮੈਡ੍ਰਿਡ ਨੇ ਵਲਾਡੋਲਿਡ ਨੂੰ 6-0 ਨਾਲ ਹਰਾਇਆ

ਮੈਡ੍ਰਿਡ– ਕਰੀਮ ਬੇਂਜੇਮਾ ਨੇ 7 ਮਿੰਟ ਦੇ ਅੰਦਰ 3 ਗੋਲ ਕਰਕੇ ਸੈਸ਼ਨ ਦੇ ਆਖਰੀ ‘ਅਲ ਕਲਾਸਿਕੋ’ ਤੋਂ ਪਹਿਲਾਂ ਰੀਅਲ ਮੈਡ੍ਰਿਡ ਨੂੰ ਵੱਡੀ ਜਿੱਤ ਦਿਵਾਈ। ਰੀਅਲ ਮੈਡ੍ਰਿਡ ਨੇ ਐਤਵਾਰ ਨੂੰ ਲਾ ਲਿਗਾ (ਸਪੇਨ ਦੀ ਚੋਟੀ ਦੀ ਫੁੱਟਬਾਲ ਲੀਗ) ’ਚ ਵਲਾਡੋਲਿਡ ਨੂੰ 6-0 ਨਾਲ ਕਰਾਰੀ ਹਾਰ ਦਿੱਤੀ, ਜਿਸ ਨਾਲ ‘ਕੋਪਾ ਡੇਲ ਰੇ’ ਦੇ ਸੈਮੀਫਾਈਨਲ ’ਚ ਬਾਰਸੀਲੋਨਾ ਦਾ ਸਾਹਮਣਾ ਕਰਨ ਤੋਂ ਪਹਿਲਾਂ ਟੀਮ ਦਾ ਮਨੋਬਲ ਵਧੇਗਾ। ਰੀਅਲ ਮੈਡ੍ਰਿਡ ਤੇ ਬਾਰਸੀਲੋਨਾ ਦੇ ਮੁਕਾਬਲੇ ਨੂੰ ਅਲ ਕਲਾਸਿਕੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਰੀਅਲ ਮੈਡ੍ਰਿਡ ਦੀ ਟੀਮ ਬੁੱਧਵਾਰ ਨੂੰ ਦੂਜੇ ਗੇੜ ਦੇ ਮੁਕਾਬਲੇ (ਕੋਪਾ ਡੇਲ ਰੇ) ਲਈ ਬਾਰਸੀਲੋਨਾ ਦੀ ਯਾਤਰਾ ਕਰੇਗੀ। ਟੀਮ ਨੂੰ ਪਹਿਲੇ ਗੇੜ ’ਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਰਾਂਸ ਦੇ ਬੇਂਜੇਮਾ ਨੇ ਇੱਥੇ ਖੇਡੇ ਗਏ ਮੈਚ ਦੇ 29ਵੇਂ, 32ਵੇਂ ਤੇ 36ਵੇਂ ਮਿੰਟ ’ਚ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਟੀਮ ਲਈ ਹੋਰ ਗੋਲ ਰੋਡ੍ਰਿਗੋ (22ਵਾਂ ਮਿੰਟ), ਮਾਰਕੋ ਅਸੇਨਿਸੋ (73ਵਾਂ ਮਿੰਟ) ਤੇ ਲੁਕਾਸ ਵਾਜਕੇਜ (90+1 ਮਿੰਟ) ਨੇ ਕੀਤੇ। ਹੋਰਨਾਂ ਮੁਕਾਬਲਿਆਂ ’ਚ ਐਟਲੇਟਿਕੋ ਨੇ ਐਂਜਲ ਕੁਰੇ ਦੇ 86ਵੇਂ ਮਿੰਟ ’ਚ ਕੀਤੇ ਗਏ ਗੋਲ ਨਾਲ ਰੀਆਲ ਬੇਟਿਸ ਨੂੰ 1-0 ਨਾਲ ਹਰਾਇਆ। ਵਿਲਾਰੀਆਲ ਨੇ ਸੋਸੀਦਾਦ ਨੂੰ 2-0 ਨਾਲ ਹਰਾ ਦਿੱਤਾ ਜਦਕਿ ਸੇਲਟਾ ਵਿਗੋ ਨੂੰ ਅਲਮੇਰੀਆ ਨੇ 2-2 ਦੀ ਬਰਾਬਰੀ ’ਤੇ ਰੋਕਿਆ।


author

Tarsem Singh

Content Editor

Related News