IPL 2022 : ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ
Tuesday, Apr 19, 2022 - 11:34 PM (IST)
ਮੁੰਬਈ- ਸਲਾਮੀ ਬੱਲੇਬਾਜ਼ ਫਾਫ ਡੂ ਪਲੇਸਿਸ (96) ਦੀ ਕਪਤਾਨੀ ਪਾਰੀ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (25 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁਕਾਬਲੇ ਵਿਚ ਲਖਨਊ ਸੁਪਰ ਜਾਇੰਟਸ ਨੂੰ ਮੰਗਲਵਾਰ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਬੈਂਗਲੁਰੂ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 181 ਦੌੜਾਂ ਬਣਾਈਆਂ ਜਦਕਿ ਲਖਨਊ ਦੀ ਟੀਮ 8 ਵਿਕਟਾਂ 'ਤੇ 163 ਦੌੜਾਂ ਹੀ ਬਣਾ ਸਕੀ। ਬੈਂਗਲੁਰੂ ਦੀ ਸੱਤ ਮੈਚਾਂ ਵਿਚ ਇਹ 5ਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚੀ ਹੈ ਜਦਕਿ ਲਖਨਊ ਦੀ ਟੀਮ ਸੱਤ ਮੈਚਾਂ ਵਿਚ ਤੀਜੀ ਹਾਰ ਦੇ ਨਾਲ ਚੌਥੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਨੇ ਤੀਜੇ ਹੀ ਓਵਰ ਵਿਚ ਕਵਿੰਟਨ ਡੀ ਕਾਕ ਨੂੰ ਗੁਆਇਆ। ਇਸ ਤੋਂ ਬਾਅਦ ਮਨੀਸ਼ ਪਾਂਡੇ ਨੂੰ 33 ਦੇ ਸਕੋਰ 'ਤੇ ਪੈਵੇਲੀਅਨ ਭੇਜਿਆ। ਕਪਤਾਨ ਲੋਕੇਸ਼ ਰਾਹੁਲ ਅਤੇ ਕਰੁਣਾਲ ਪੰਡਯਾ ਨੇ ਤੀਜੇ ਵਿਕਟ ਦੇ ਲਈ 33 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ 24 ਗੇਂਦਾਂ ਵਿਚ 30 ਦੌੜਾਂ ਬਣਾ ਕੇ ਆਊਟ ਹੋਏ। ਦੀਪਕ ਹੁੱਡਾ 13 ਦੌੜਾਂ ਬਣਾ ਕੇ ਟੀਮ ਦੇ 100 ਦੇ ਸਕੋਰ 'ਤੇ ਆਊਟ ਹੋਏ। ਕਰੁਣਾਲ ਪੰਡਯਾ 28 ਗੇਂਦਾਂ 'ਤੇ 42 ਦੌੜਾਂ ਬਣਾ ਕੇ ਪੈਵੇਲੀਅਨ ਭੇਜਿਆ। ਹੇਜ਼ਲਵੁੱਡ ਨੇ ਫਿਰ ਮਾਰਕਸ ਸਟੋਇਨਸ (24) ਨੂੰ ਆਊਟ ਕਰ ਲਖਨਊ ਦਾ ਅੰਤ ਕਰ ਦਿੱਤਾ। ਲਖਨਊ ਨੂੰ ਆਖਰੀ ਓਵਰ ਵਿਚ 31 ਦੌੜਾਂ ਚਾਹੀਦੀਆਂ ਸਨ ਅਤੇ ਮੈਚ ਬੈਂਗਲੁਰੂ ਦੇ ਹੱਕ ਵਿਚ ਜਾ ਚੁੱਕਿਆ ਸੀ। ਬੈਂਗਲੁਰੂ 10 ਅੰਕਾਂ ਦੇ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਆ ਗਿਆ ਹੈ ਬੈਂਗਲੁਰੂ ਦੀ ਟੀਮ ਨੂੰ ਹਾਲਾਂਕਿ ਅਜੇ ਆਪਣਾ ਨੈੱਟ ਰਨ ਰੇਟ ਦੇਖਣਾ ਹੋਵੇਗਾ।
ਡੀ ਵਾਈ ਪਾਟਿਲ ਸਪੋਰਟਸ ਅਕਾਦਮੀ ਸਟੇਡੀਅਮ 'ਤੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪਹਿਲੇ ਹੀ ਓਵਰ ਵਿਚ 2 ਝਟਕੇ ਲੱਗੇ ਜਦਕਿ ਪਾਰੀ ਦੇ ਪਹਿਲੇ ਓਵਰ ਵਿਚ ਚਾਮੀਰਾ ਦੀ 5ਵੀਂ ਗੇਂਦ 'ਤੇ ਅਨੁਜ ਰਾਵਤ (4) ਅਤੇ 6ਵੀਂ ਗੇਂਦ 'ਤੇ ਵਿਰਾਟ ਕੋਹਲੀ ਜ਼ੀਰੋ ਦੇ ਸਕੋਰ 'ਤੇ ਆਊਟ ਹੋਏ ਪਰ ਦੂਜੇ ਪਾਸੇ ਟਿਕ ਕੇ ਖੇਡ ਰਹੇ ਕਪਤਾਨ ਡੂ ਪਲੇਸਿਸ ਨੇ ਵਧੀਆ ਬੱਲੇਬਾਜ਼ੀ ਕੀਤੀ ਅਤੇ ਸਕੋਰ ਬੋਰਡ ਚੱਲਦਾ ਰੱਖਿਆ। ਡੂ ਪਲੇਸਿਸ ਨੇ 96 ਦੌੜਾਂ ਸਿਰਫ 64 ਗੇਂਦਾਂ ਵਿਚ ਬਣਾਈਆਂ, ਜਿਸ ਵਿਚ ਉਨ੍ਹਾਂ ਨੇ 2 ਛੱਕੇ ਅਤੇ 11 ਚੌਕੇ ਲਗਾਏ। ਸੈਂਕੜੇ ਵੱਲ ਵਧ ਰਹੇ ਡੂ ਪਲੇਸਿਸ ਦੀ ਪਾਰੀ ਦਾ ਅੰਤ ਜੇਸਨ ਹੋਲਡਰ ਨੇ ਕੀਤਾ ਜਦੋ ਪਾਰੀ ਦੇ ਆਖਰੀ ਓਵਰ ਵਿਚ ਹੌਲੀ ਬਾਊਂਸਰ ਨੂੰ ਮਾਰਨ ਦੀ ਕੋਸ਼ਿਸ਼ ਵਿਚ ਉਹ ਕੈਚ ਆਊਟ ਹੋ ਗਏ। ਇਸ ਤੋਂ ਪਹਿਲਾਂ ਗਲੇਨ ਮੈਕਸਵੈੱਲ (23) ਅਤੇ ਸ਼ਾਹਬਾਜ਼ ਅਹਿਮਦ (26) ਨੇ ਕਪਤਾਨ ਦਾ ਵਧੀਆ ਸਾਥ ਦਿੰਦੇ ਹੋਏ ਸਕੋਰ ਨੂੰ ਅੱਗੇ ਵਧਾਇਆ। ਲਖਨਊ ਵਲੋਂ ਚਾਮੀਰਾ ਤੇ ਹੋਲਡਰ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਕਰੁਣਾਲ ਪੰਡਯਾ ਨੂੰ ਇਕ ਵਿਕਟ ਮਿਲਿਆ।
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਦੋਵੇਂ ਟੀਮਾਂ ਇਸ ਤਰ੍ਹਾ ਹਨ -
ਲਖਨਊ ਸੁਪਰ ਜਾਇੰਟਸ :- ਕੇ. ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਆਯੁਸ਼ ਬਡੋਨੀ, ਦੀਪਕ ਹੁੱਡਾ, ਮਾਰਕਸ ਸਟੋਇਨਸ, ਜੇਸਨ ਹੋਲਡਰ, ਕਰੁਣਾਲ ਪੰਡਯਾ, ਕ੍ਰਿਸ਼ਣੱਪਾ ਗੌਤਮ, ਦੁਸ਼ਮੰਥ ਚਮੀਰਾ, ਆਵੇਸ਼ ਖ਼ਾਨ, ਰਵੀ ਬਿਸ਼ਨੋਈ।
ਰਾਇਲ ਚੈਲੰਜਰਜ਼ ਬੈਂਗਲੁਰੂ :- ਅਨੁਜ ਰਾਵਤ, ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਗਲੇਨ ਮੈਕਸਵੈੱਲ, ਵਾਨਿੰਦੂ ਹਸਰੰਗਾ, ਸ਼ਾਹਬਾਜ਼ ਅਹਿਮਦ, ਸੁਯਸ਼ ਪ੍ਰਭੂਦੇਸਾਈ, ਮੁਹੰਮਦ ਸਿਰਾਜ, ਆਕਾਸ਼ਦੀਪ ਸਿੰਘ, ਜੋਸ਼ ਹੇਜ਼ਲਵੁੱਡ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।