ਲਿਵਰਪੂਲ ਨੇ ਜਿੱਤਿਆ ਕਲੱਬ ਵਿਸ਼ਵ ਕੱਪ ਦਾ ਖ਼ਿਤਾਬ

12/23/2019 9:35:02 AM

ਦੋਹਾ— ਰਾਬਰਟੋ ਫਰਮੀਨੋ ਵੱਲੋਂ ਵਾਧੂ ਸਮੇਂ ਵਿਚ ਕੀਤੇ ਗਏ ਇਕਲੌਤੇ ਗੋਲ ਦੀ ਮਦਦ ਨਾਲ ਲਿਵਰਪੂਲ ਨੇ ਫਲੇਮਿੰਗੋ ਨੂੰ ਫਾਈਨਲ ਵਿਚ 1-0 ਨਾਲ ਹਰਾ ਕੇ ਪਹਿਲੀ ਵਾਰ ਕਲੱਬ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਨੇ ਇਸ ਖ਼ਿਤਾਬੀ ਜਿੱਤ ਨੂੰ ਬਹੁਤ ਸਨਸਨੀਖੇਜ਼ ਕਰਾਰ ਦਿੱਤਾ। ਖਲੀਫ਼ਾ ਇੰਟਰਨੈਸ਼ਨਲ ਸਟੇਡੀਅਮ ਵਿਚ ਸ਼ਨੀਵਾਰ ਦੇਰ ਰਾਤ ਖੇਡੇ ਗਏ ਫਾਈਨਲ ਵਿਚ ਤੈਅ ਸਮੇਂ ਤਕ ਦੋਵੇਂ ਟੀਮਾਂ ਗੋਲ ਕਰਨ ਵਿਚ ਨਾਕਾਮ ਰਹੀਆਂ। ਇਸ ਤੋਂ ਬਾਅਦ ਵਾਧੂ ਸਮੇਂ ਵਿਚ ਖੇਡ ਦੇ 99ਵੇਂ ਮਿੰਟ ਵਿਚ ਸਾਦੀਓ ਮਾਨੇ ਤੋਂ ਮਿਲੇ ਪਾਸ 'ਤੇ ਫਰਮੀਨੋ ਨੇ ਫਲੇਮਿੰਗੋ ਦੇ ਗੋਲਕੀਪਰ ਡਿਏਗੋ ਅਲਵੇਸ ਨੂੰ ਭੁਲੇਖਾ ਦੇ ਕੇ ਗੇਂਦ ਨੂੰ ਗੋਲ ਪੋਸਟ ਵਿਚ ਪਹੁੰਚਾਇਆ।

ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਫਰਮੀਨੋ ਦਾ ਇਹ ਗੋਲ ਉਨ੍ਹਾਂ ਦੇ ਦੇਸ਼ ਦੇ ਕਲੱਬ ਫਲੇਮਿੰਗੋ ਲਈ ਦਿਲ ਤੋੜਨ ਵਾਲਾ ਸਾਬਤ ਹੋਇਆ ਤੇ ਇਸ ਇਕਲੌਤੇ ਗੋਲ ਦੀ ਬਦੌਲਤ ਲਿਵਰਪੂਲ ਨੇ ਖ਼ਿਤਾਬ ਆਪਣੇ ਨਾਂ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਫਰਮੀਨੋ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਖ਼ਰਾਬ ਕਿਸਮਤ ਕਾਰਨ ਉਨ੍ਹਾਂ ਨੂੰ ਗੋਲ ਹਾਸਲ ਕਰਨ ਲਈ ਵਾਧੂ ਸਮੇਂ ਤਕ ਦੀ ਉਡੀਕ ਕਰਨੀ ਪਈ। ਫਰਮੀਨੋ ਨੇ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਮੋਂਟੇਰੇਰੀ ਖ਼ਿਲਾਫ਼ ਵੀ ਇੰਜਰੀ ਟਾਈਮ ਵਿਚ ਫ਼ੈਸਲਾਕੁਨ ਗੋਲ ਕੀਤਾ ਸੀ। ਮੁਕਾਬਲੇ ਤੋਂ ਬਾਅਦ ਲਿਵਰਪੂਲ ਦੇ ਮੈਨੇਜਰ ਕਲੋਪ ਨੇ ਫਰਮੀਨੋ ਦੀ ਸ਼ਲਾਘਾ ਕੀਤੀ। ਇਸ ਮੁਕਾਬਲੇ ਵਿਚ ਲਿਵਰਪੂਲ ਨੂੰ ਤੈਅ ਸਮੇਂ ਅੰਦਰ ਇਕ ਪੈਨਲਟੀ ਕਿੱਕ ਵੀ ਮਿਲੀ ਪਰ ਵੀਡੀਓ ਅਸਿਸਟੈਂਟ ਰੈਫਰੀ (ਵਾਰ) ਦੀ ਮਦਦ ਨਾਲ ਉਸ ਨੂੰ ਲੈਣ ਤੋਂ ਰੋਕ ਦਿੱਤਾ ਗਿਆ। ਇਸ ਮੁਕਾਬਲੇ ਵਿਚ ਫਲੇਮਿੰਗੋ ਨੇ ਵੀ ਚੰਗੀ ਖੇਡ ਦਿਖਾਈ ਪਰ ਉਸ ਦੀ ਕਿਸਮਤ ਸਾਥ ਨਹੀਂ ਦੇ ਸਕੀ। ਇਸ ਤੋਂ ਪਹਿਲਾਂ 1991 ਦੇ ਇੰਟਰਕਾਂਟੀਨੈਂਟਲ ਕੱਪ ਵਿਚ ਫਲੇਮਿੰਗੋ ਨੇ ਲਿਵਰਪੂਲ ਨੂੰ ਹਰਾਇਆ ਸੀ ਪਰ ਇਸ ਵਾਰ ਉਹ ਇਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕਿਆ। ਓਧਰ ਮੋਂਟੇਰੇਰੀ ਨੇ ਅਲ ਹਿਲਾਲ ਨੂੰ ਹਰਾ ਕੇ ਇਸ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ।


Tarsem Singh

Content Editor

Related News