ਐਲਗਰ ਦੇ ਸੈਂਕੜੇ ਦੇ ਬਾਵਜੂਦ ਹਾਰੇ ਅਫਰੀਕੀ

08/01/2017 1:41:45 AM

ਲੰਡਨ—ਓਪਨਰ ਡੀਨ ਐਲਗਰ ਦੀ 136 ਦੌੜਾਂ ਦੀ ਬਿਹਤਰੀਨ ਪਾਰੀ ਦੇ ਬਾਵਜੂਦ ਦੱਖਣੀ ਅਫਰੀਕਾ ਨੂੰ ਤੀਜੇ ਕ੍ਰਿਕਟ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਸੋਮਵਾਰ ਆਫ ਸਪਿਨਰ ਮੋਇਨ ਅਲੀ ਦੀ ਹੈਟ੍ਰਿਕ ਕਾਰਨ 239 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਨੇ ਇਸ ਬਿਹਤਰੀਨ ਜਿੱਤ ਨਾਲ ਚਾਰ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ।
ਇੰਗਲੈਂਡ ਨੇ ਦੂਜਾ ਟੈਸਟ ਹਾਰ ਜਾਣ ਤੋਂ ਬਾਅਦ ਇਸ ਮੈਚ ਵਿਚ ਜ਼ਬਰਦਸਤ ਵਾਪਸੀ ਕੀਤੀ। ਇੰਗਲੈਂਡ ਨੇ ਬੇਨ ਸਟੋਕਸ ਦੀਆਂ 112 ਦੌੜਾਂ ਦੀ ਬਦੌਲਤ ਪਹਿਲੀ ਪਾਰੀ 'ਚ 353 ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੀ ਟੀਮ ਤੇਜ਼ ਗੇਂਦਬਾਜ਼ ਟਾਬੀ ਰੋਲੈਂਡ ਜੋਂਸ ਦੀਆਂ ਡੈਬਿਊ ਟੈਸਟ ਵਿਚ ਪੰਜ ਵਿਕਟਾਂ ਕਾਰਨ 175 ਦੌੜਾਂ 'ਤੇ ਢੇਰ ਹੋ ਗਈ ਸੀ। ਇੰਗਲੈਂਡ ਨੇ ਆਪਣੀ ਦੂਜੀ ਪਾਰੀ 8 ਵਿਕਟਾਂ 'ਤੇ 313 ਦੌੜਾਂ ਬਣਾ ਕੇ ਖਤਮ ਐਲਾਨ ਕਰ ਕੇ ਦੱਖਣੀ ਅਫਰੀਕਾ ਸਾਹਮਣੇ 492 ਦੌੜਾਂ ਦਾ ਟੀਚਾ ਰੱਖਿਆ ਸੀ।

PunjabKesari
ਦੱਖਣੀ ਅਫਰੀਕਾ ਦੀ ਟੀਮ ਐਲਗਰ ਦੇ ਅੱਠਵੇਂ ਸੈਂਕੜੇ ਦੇ ਬਾਵਜੂਦ 77.1 ਓਵਰਾਂ ਵਿਚ 252 ਦੌੜਾਂ 'ਤੇ ਢੇਰ ਹੋ ਗਈ। ਓਪਨਿੰਗ ਵਿਚ ਉਤਰੇ ਐਲਗਰ ਨੇ 228 ਗੇਂਦਾਂ ਦਾ ਸਾਹਮਣਾ ਕੀਤਾ ਤੇ 20 ਚੌਕਿਆਂ ਦੀ ਮਦਦ ਨਾਲ 136 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਨੇ ਹੀ ਦੱਖਣੀ ਅਫਰੀਕਾ ਦੀ ਹਾਰ ਨੂੰ ਕੁਝ ਘੱਟ ਸਨਮਾਨ ਦਿੱਤਾ। ਅਲੀ ਨੇ ਐਲਗਰ ਨੂੰ 76ਵੇਂ ਓਵਰ  ਦੀ ਪੰਜਵੀਂ ਗੇਂਦ 'ਤੇ ਅਤੇ ਫਿਰ ਕੈਗਿਸੋ ਰਬਾਡਾ ਨੂੰ ਛੇਵੀਂ ਗੇਂਦ 'ਤੇ ਆਊਟ ਕੀਤਾ। ਉਸ ਨੇ 78ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਰਨੇ ਮੋਰਕਲ ਦੀ ਵਿਕਟ ਲੈ ਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ। ਅਲੀ ਨੇ 45 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। 
ਐਲਗਰ 8ਵੇਂ ਬੱਲੇਬਾਜ਼ ਦੇ ਰੂਪ ਵਿਚ 252 ਦੌੜਾਂ ਦੇ ਸਕੋਰ 'ਤੇ ਆਊਟ ਹੋਇਆ ਤੇ ਫਿਰ ਇਸੇ ਸਕੋਰ 'ਤੇ ਬਾਕੀ ਦੋ ਬੱਲੇਬਾਜ਼ ਵੀ ਪੈਵੇਲੀਅਨ ਪਰਤ ਗਏ। ਅਲੀ ਆਪਣੀ ਹੈਟ੍ਰਿਕ ਨਾਲ 1938 ਵਿਚ ਦੱਖਣੀ ਅਫਰੀਕਾ ਵਿਰੁੱਧ ਹੀ ਟਾਮ ਗੋਡਾਰਡ ਤੋਂ ਬਾਅਦ ਹੈਟ੍ਰਿਕ ਲੈਣ ਵਾਲਾ ਪਹਿਲਾ ਇੰਗਲਿਸ਼ ਸਪਨਿਰ ਬਣ ਗਿਆ।
ਅਲੀ ਨੇ ਦੱਖਣੀ ਅਫਰੀਕਾ ਦੇ ਹੇਠਲੇਕ੍ਰਮ ਨੂੰ ਢਹਿ-ਢੇਰੀ ਕਰ ਦਿੱਤਾ, ਜਦਕਿ ਰਾਲੈਂਡ ਜੋਂਸ ਤੇ ਬੇਨ ਸਟੋਕਸ ਨੇ ਦੱਖਣੀ ਅਫਰੀਕਾ ਦੇ ਚੋਟੀਕ੍ਰਮ ਨੂੰ ਢਹਿ-ਢੇਰੀ ਕੀਤਾ। ਰੋਲੈਂਡ ਜੋਂਸ ਨੇ ਪਹਿਲੀ ਪਾਰੀ ਵਿਚ 57 ਦੌੜਾਂ 'ਤੇ 5 ਵਿਕਟਾਂ ਹਾਸਲ ਕਰਨ ਤੋਂ ਬਾਅਦ ਦੂਜੀ ਪਾਰੀ 'ਚ 72 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਰੋਲੈਂਡ ਜੋਂਸ ਨੇ ਕੁਲ 8 ਵਿਕਟਾਂ ਲੈ ਕੇ ਯਾਦਗਾਰ ਟੈਸਟ ਡੈਬਿਊ ਕੀਤਾ।

PunjabKesari
ਅਲੀ ਨੇ 16.1 ਓਵਰਾਂ ਵਿਚ 45 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਅਲੀ ਨੂੰ ਪਹਿਲੀ ਪਾਰੀ 'ਚ ਕੋਈ ਵਿਕਟ ਨਹੀਂ ਮਿਲੀ ਸੀ ਪਰ ਦੂਜੀ ਪਾਰੀ ਵਿਚ ਉਸ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ। ਬੇਨ ਸਟੋਕਸ ਨੇ 51 ਦੌੜਾਂ 'ਤੇ ਦੋ ਵਿਕਟਾਂ ਤੇ ਸਟੂਅਰਟ ਬ੍ਰਾਡ ਨੇ 47 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। 
ਦੱਖਣੀ ਅਫਰੀਕਾ ਲਈ ਤੇਂਬਾ ਬਾਵੂਮਾ ਨੇ 32, ਕ੍ਰਿਸ ਮੌਰਿਸ ਨੇ 24 ਤੇ ਕੇਸ਼ਵ ਮਹਾਰਾਜ ਨੇ ਅਜੇਤੂ 24 ਦੌੜਾਂ ਬਣਾਈਆਂ। ਐਲਗਰ ਨੇ ਬਾਵੂਮਾ ਨਾਲ ਪੰਜਵੀਂ ਵਿਕਟ ਲਈ 108 ਦੌੜਾਂ, ਮੌਰਿਸ ਨਾਲ ਸੱਤਵੀਂ ਵਿਕਟ ਲਈ 45 ਦੌੜਾਂ ਤੇ ਕੇਸ਼ਵ ਨਾਲ 8ਵੀਂ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ। ਐਲਗਰ ਦੇ ਇਕਤਰਫਾ ਸੰਘਰਸ਼ ਨੂੰ ਮੋਇਨ ਅਲੀ ਨੇ ਉਸ ਦੀ ਵਿਕਟ ਲੈ ਕੇ ਖਤਮ ਕੀਤਾ ਤੇ ਇੰਗਲੈਂਡ ਦੀ ਜਿੱਤ ਦਾ ਰਾਹ ਸਾਫ ਕਰ ਦਿੱਤਾ। ਦੋਵਾਂ ਟੀਮਾਂ ਵਿਚਾਲੇ ਚੌਥਾ ਤੇ ਆਖਰੀ ਟੈਸਟ 4 ਅਗਸਤ ਤੋਂ ਮਾਨਚੈਸਟਰ ਦੇ ਓਲਡ ਟ੍ਰੈਫਡ ਮੈਦਾਨ 'ਤੇ ਖੇਡਿਆ ਜਾਵੇਗਾ।


Related News