ਰੋਨਾਲਡੋ ਤੇ ਮੈਸੀ ਤੋਂ ਬਾਅਦ ਚੈਂਪੀਅਨਜ਼ ਲੀਗ ’ਚ 100 ਗੋਲ ਕਰਨ ਵਾਲੇ ਤੀਜੇ ਖਿਡਾਰੀ ਬਣੇ ਲੇਵਾਂਡੋਵਸਕੀ

Thursday, Nov 28, 2024 - 05:18 AM (IST)

ਰੋਨਾਲਡੋ ਤੇ ਮੈਸੀ ਤੋਂ ਬਾਅਦ ਚੈਂਪੀਅਨਜ਼ ਲੀਗ ’ਚ 100 ਗੋਲ ਕਰਨ ਵਾਲੇ ਤੀਜੇ ਖਿਡਾਰੀ ਬਣੇ ਲੇਵਾਂਡੋਵਸਕੀ

ਰੋਮ – ਰਾਬਰਟ ਲੇਵਾਂਡੋਵਸਕੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨੇਲ ਮੈਸੀ ਤੋਂ ਬਾਅਦ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ’ਚ 100 ਗੋਲ ਕਰਨ ਵਾਲੇ ਤੀਜੇ ਖਿਡਾਰੀ ਬਣ ਗਏ। ਅਰਲਿੰਗ ਹਾਲੈਂਡ ਨੇ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਚੈਂਪੀਅਨਜ਼ ਲੀਗ ’ਚ 100 ਗੋਲ ਕਰਨ ਵਾਲੇ ਖਿਡਾਰੀਆਂ ਦੇ ਵਿਸ਼ੇਸ਼ ਕਲੱਬ ’ਚ ਸ਼ਾਮਲ ਹੋਣ ਵੱਲ ਮਜ਼ਬੂਤ ਕਦਮ ਵਧਾਏ।

ਚੈਂਪੀਅਨਜ਼ ਲੀਗ ’ਚ ਸਭ ਤੋਂ ਵੱਧ 140 ਗੋਲ ਰੋਨਾਲਡੋ ਨੇ ਕੀਤੇ ਹਨ। ਉਨ੍ਹਾਂ ਤੋਂ ਬਾਅਦ ਮੈਸੀ ਦਾ ਨੰਬਰ ਆਉਂਦਾ ਹੈ, ਜਿਨ੍ਹਾਂ ਦੇ ਨਾਂ ’ਤੇ 129 ਗੋਲ ਦਰਜ ਹਨ। ਲੇਵਾਂਡੋਵਸਕੀ ਨੇ ਕਿਹਾ,‘ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਚੈਂਪੀਅਨਜ਼ ਲੀਗ ’ਚ 100 ਗੋਲ ਕਰ ਸਕਾਂਗਾ। ਮੈਂ ਕ੍ਰਿਸਟਿਆਨੋ ਅਤੇ ਮੈਸੀ ਦੇ ਕਲੱਬ ’ਚ ਸ਼ਾਮਲ ਹੋ ਕੇ ਖੁਸ਼ ਹਾਂ।’ 36 ਸਾਲਾ ਲੇਵਾਂਡੋਵਸਕੀ ਚੈਂਪੀਅਨਜ਼ ਲੀਗ ’ਚ ਆਪਣੇ 125ਵੇਂ ਮੈਚ ’ਚ ਇਸ ਰਿਕਾਰਡ ’ਤੇ ਪਹੁੰਚਿਆ। ਮੇਸੀ ਨੇ 123 ਅਤੇ ਰੋਨਾਲਡੋ ਨੇ 137 ਮੈਚਾਂ ’ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।

24 ਸਾਲਾ ਹਾਲੈਂਡ ਨੇ ਮੈਨਚੈਸਟਰ ਸਿਟੀ ਵੱਲੋਂ ਫੇਯੇਨੋਰਡ ਵਿਰੁੱਧ 2 ਗੋਲ ਕੀਤੇ ਅਤੇ ਇਸ ਟੂਰਨਾਮੈਂਟ ’ਚ ਆਪਣੀ ਗੋਲਾਂ ਦੀ ਗਿਣਤੀ 46 ’ਤੇ ਪਹੁੰਚਾਈ। ਹਾਲੈਂਡ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮੈਨਚੈਸਟਰ ਨੇ ਇਹ ਮੈਚ 3-3 ਨਾਲ ਡਰਾਅ ਖੇਡਿਆ। ਲੇਵਾਂਡੋਵਸਕੀ ਨੇ ਬ੍ਰੈਸਟ ਵਿਰੁੱਧ ਬਾਰਸੀਲੋਨਾ ਦੀ 3-0 ਦੀ ਜਿੱਤ ’ਚ ਸ਼ੁਰੂ ’ਚ ਹੀ ਪੈਨਲਟੀ ਨੂੰ ਗੋਲ ’ਚ ਬਦਲ ਕੇ ਆਪਣਾ 100ਵਾਂ ਗੋਲ ਕੀਤਾ। ਪੋਲੈਂਡ ਦੇ ਇਸ ਸਟਾਰ ਸਟ੍ਰਾਈਕਰ ਨੇ ਦੂਜੇ ਹਾਫ ਦੇ ਇੰਜੁਰੀ ਟਾਈਮ ’ਚ ਟੂਰਨਾਮੈਂਟ ’ਚ ਆਪਣਾ 101ਵਾਂ ਗੋਲ ਕੀਤਾ। ਬਾਰਸੀਲੋਨਾ ਇਸ ਜਿੱਤ ਨਾਲ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ। ਇਸ ਦੌਰਾਨ ਇੰਟਰ ਮਿਲਾਨ ਨੇ ਲੀਪਜਿਗ ਨੂੰ ਆਤਮਘਾਤੀ ਗੋਲ ਨਾਲ 1-0 ਨਾਲ ਹਰਾਇਆ। ਇਸ ਨਾਲ ਉਹ 13 ਅੰਕਾਂ ਨਾਲ ਅੰਕ ਸੂਚੀ ’ਚ ਟਾਪ ’ਤੇ ਪਹੁੰਚ ਗਿਆ, ਜੋ ਬਾਰਸੀਲੋਨਾ ਅਤੇ ਲਿਵਰਪੂਲ ਨਾਲੋਂ ਇਕ ਵੱਧ ਹੈ।


author

Inder Prajapati

Content Editor

Related News