ਭਾਰਤ ਤੇ ਹਾਂਗਕਾਂਗ ਵਿਚਾਲੇ ਏਸ਼ੀਆਈ ਕੱਪ ਕੁਆਲੀਫਾਇੰਗ ਮੈਚ 31 ਨੂੰ ਕੋਚੀ ’ਚ ਹੋਵੇਗਾ

Monday, Mar 16, 2026 - 10:36 AM (IST)

ਭਾਰਤ ਤੇ ਹਾਂਗਕਾਂਗ ਵਿਚਾਲੇ ਏਸ਼ੀਆਈ ਕੱਪ ਕੁਆਲੀਫਾਇੰਗ ਮੈਚ 31 ਨੂੰ ਕੋਚੀ ’ਚ ਹੋਵੇਗਾ

ਨਵੀਂ ਦਿੱਲੀ– ਭਾਰਤੀ ਪੁਰਸ਼ ਫੁੱਟਬਾਲ ਟੀਮ ਏ. ਐੱਫ. ਸੀ. ਏਸ਼ੀਆਈ ਕੱਪ ਸਾਊਦੀ ਅਰਬ 2027 ਦੇ ਕੁਆਲੀਫਾਇੰਗ ਦਾ ਆਪਣਾ ਆਖਰੀ ਮੈਚ ਹਾਂਗਕਾਂਗ ਵਿਰੁੱਧ 31 ਮਾਰਚ ਨੂੰ ਕੋਚੀ ’ਚ ਖੇਡੇਗੀ। ਭਾਰਤ ਪਹਿਲਾਂ ਹੀ ਏ. ਐੱਫ. ਸੀ. ਏਸ਼ੀਆਈ ਕੱਪ 2027 ’ਚ ਜਗ੍ਹਾ ਬਣਾਉਣ ਦੀ ਦੌੜ ’ਚੋਂ ਬਾਹਰ ਹੋ ਚੁੱਕਾ ਹੈ। ਹੁਣ ਉਸ ਦਾ ਟੀਚਾ ਆਪਣੀ ਕੁਆਲੀਫਾਇੰਗ ਮੁਹਿੰਮ ਦਾ ਅੰਤ ਜਿੱਤ ਨਾਲ ਕਰਨਾ ਹੋਵੇਗਾ।

ਹਾਂਗਕਾਂਗ ਦੀ ਟੀਮ ਵੀ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਕੁਆਲੀਫਾਇੰਗ ਦੇ ਸਬੰਧ ’ਚ ਇਹ ਮੈਚ ਭਾਵੇਂ ਹੀ ਰਸਮੀ ਹੋਵੇ ਪਰ ਫੀਫਾ ਰੈਂਕਿੰਗ ਦੇ ਅੰਕ ਦਾਅ ’ਤੇ ਲੱਗੇ ਹੋਣ ਕਾਰਨ ਇਸ ਮੈਚ ਦਾ ਮਹੱਤਵ ਬਣਿਆ ਹੋਇਆ ਹੈ। ਭਾਰਤ ਕੁਆਲੀਫਾਇੰਗ ਦਾ ਆਪਣਾ ਤੀਜਾ ਮੈਚ ਘਰੇਲੂ ਮੈਦਾਨ ’ਤੇ ਖੇਡੇਗਾ। ਇਸ ਤੋਂ ਪਹਿਲਾਂ ਉਸ ਨੇ ਪਿਛਲੇ ਸਾਲ ਮਾਰਚ ’ਚ ਬੰਗਲਾਦੇਸ਼ ਵਿਰੁੱਧ ਸ਼ਿਲਾਂਗ ’ਚ ਅਤੇ ਅਕਤੂਬਰ ’ਚ ਸਿੰਗਾਪੁਰ ਵਿਰੁੱਧ ਮਡਗਾਂਵ ’ਚ ਮੈਚ ਖੇਡਿਆ ਸੀ।

ਇਹ 10 ਸਾਲਾਂ ’ਚ ਪਹਿਲੀ ਵਾਰ ਹੋਵੇਗਾ ਜਦੋਂ ਭਾਰਤੀ ਟੀਮ ਕੋਚੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਮੈਚ ਖੇਡੇਗੀ। ਇਸ ਤੋਂ ਪਹਿਲਾਂ ਉਸ ਨੇ ਆਖਰੀ ਵਾਰ ਮਾਰਚ 2016 ’ਚ ਇਸ ਮੈਦਾਨ ’ਤੇ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ’ਚ ਤੁਰਕਮੇਨਿਸਤਾਨ ਦਾ ਸਾਹਮਣਾ ਕੀਤਾ ਸੀ।


author

Tarsem Singh

Content Editor

Related News