ਈਰਾਨ ਦਾ ਵਿਸ਼ਵ ਕੱਪ ਫੁੱਟਬਾਲ ’ਚ ਖੇਡਣਾ ਸ਼ੱਕੀ

Tuesday, Mar 03, 2026 - 11:03 AM (IST)

ਈਰਾਨ ਦਾ ਵਿਸ਼ਵ ਕੱਪ ਫੁੱਟਬਾਲ ’ਚ ਖੇਡਣਾ ਸ਼ੱਕੀ

ਤਹਿਰਾਨ- ਈਰਾਨ ਦੇ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਮੇਹਦੀ ਤਾਜ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਉਨ੍ਹਾਂ ਦੇ ਦੇਸ਼ ’ਚ ਕੀਤੇ ਗਏ ਹਮਲੇ ਤੋਂ ਬਾਅਦ ਉਹ ਪੱਕੇ ਤੌਰ ’ਤੇ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੀ ਟੀਮ ਇਸ ਸਾਲ ਅਮਰੀਕਾ ’ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ’ਚ ਖੇਡ ਸਕੇਗੀ ਜਾਂ ਨਹੀਂ।

ਮੇਹਦੀ ਤਾਜ ਨੇ ਕਿਹਾ, ‘‘ਯਕੀਨੀ ਤੌਰ ’ਚ ਇਸ ਹਮਲੇ ਤੋਂ ਬਾਅਦ ਅਸੀਂ ਵਿਸ਼ਵ ਕੱਪ ’ਚ ਹਿੱਸਾ ਲੈਣ ਨੂੰ ਲੈ ਕੇ ਉਮੀਦ ਦੀ ਨਜ਼ਰ ਨਾਲ ਨਹੀਂ ਦੇਖ ਸਕਦੇ।’’

ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਈਰਾਨ ਨੇ ਵੀ ਜਵਾਬੀ ਹਮਲੇ ਕੀਤੇ। ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਇਸ ਦੇਸ਼ ਦਾ ਭਵਿੱਖ ਅਨਿਸ਼ਚਿਤਤਾ ’ਚ ਡੁੱਬ ਗਿਆ ਹੈ ਅਤੇ ਖੇਤਰੀ ਅਸਥਿਰਤਾ ਦਾ ਖਤਰਾ ਵੱਧ ਗਿਆ ਹੈ।

ਵਿਸ਼ਵ ਕੱਪ ’ਚ ਈਰਾਨ ਨੂੰ ਗਰੁੱਪ-ਜੀ ’ਚ ਰੱਖਿਆ ਗਿਆ ਹੈ ਅਤੇ ਉਸ ਨੇ ਇੰਗਲਵੁੱਡ, ਕੈਲੀਫੋਰਨੀਆ ’ਚ 15 ਜੂਨ ਨੂੰ ਨਿਊਜ਼ੀਲੈਂਡ ਅਤੇ 21 ਜੂਨ ਨੂੰ ਬੈਲਜੀਅਮ ਵਿਰੁੱਧ ਮੈਚ ਖੇਡਣੇ ਹਨ। ਇਸ ਤੋਂ ਬਾਅਦ ਉਹ 26 ਜੂਨ ਨੂੰ ਸੀਏਟਲ ’ਚ ਮਿਸਰ ਵਿਰੁੱਧ ਪਹਿਲੇ ਦੌਰ ਦਾ ਆਪਣਾ ਆਖਰੀ ਮੈਚ ਖੇਡੇਗਾ। ਵਿਸ਼ਵ ਕੱਪ ਫੁੱਟਬਾਲ 11 ਜੂਨ ਤੋਂ 19 ਜੁਲਾਈ ਤੱਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ’ਚ ਖੇਡਿਆ ਜਾਵੇਗਾ।


author

Tarsem Singh

Content Editor

Related News