ਲਕਸ਼ੈ ਦੂਜੇ ਗੇੜ ’ਚ, ਸ੍ਰੀਕਾਂਤ ਬਾਹਰ

Thursday, Oct 30, 2025 - 10:30 AM (IST)

ਲਕਸ਼ੈ ਦੂਜੇ ਗੇੜ ’ਚ, ਸ੍ਰੀਕਾਂਤ ਬਾਹਰ

ਸਪੋਰਟਸ ਡੈਸਕ- ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ 5ਵਾਂ ਦਰਜਾ ਪ੍ਰਾਪਤ ਫਰਾਂਸ ਦੇ ਕ੍ਰਿਸਟੋ ਪੋਪੋਵ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਅੱਜ ਇੱਥੇ 475,000 ਡਾਲਰ ਇਨਾਮੀ ਰਾਸ਼ੀ ਵਾਲੇ ਹਾਈਲੋ ਓਪਨ ਸੁਪਰ 500 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਪਹਿਲੇ ਗੇੜ ’ਚ ਲਕਸ਼ੈ ਨੇ ਉੱਚ ਦਰਜਾਬੰਦੀ ਵਾਲੇ ਪੋਪੋਵ ਨੂੰ 21-16,22-20 ਨਾਲ ਹਰਾਇਆ। ਦੂਜੇ ਗੇੜ ’ਚ ਉਸ ਦਾ ਸਾਹਮਣਾ ਹਮਵਤਨ ਐੱਸ ਸ਼ੰਕਰ ਮੁੱਥੂਸਾਮੀ ਸੁਬਰਾਮਨੀਅਨ ਨਾਲ ਹੋਵੇਗਾ ਜਿਸ ਨੇ ਪਹਿਲੇ ਗੇੜ ਦੇ ਇੱਕ ਹੋਰ ਮੈਚ ’ਚ ਮਲੇਸ਼ੀਆ ਦੇ ਜੁਨ ਹਾਏ ਲੀਓਂਗ ਨੂੰ 21-14 18-21 21-16 ਨਾਲ ਹਰਾਇਆ।

ਦੂਜੇ ਪਾਸੇ ਪੁਰਸ਼ ਸਿੰਗਲਜ਼ ’ਚ ਭਾਰਤ ਦੇ ਕਿਦੰਬੀ ਸ੍ਰੀਕਾਂਤ ਨੂੰ ਹਮਵਤਨ ਖਿਡਾਰੀ ਕਿਰਨ ਜੌਰਜ ਹੱਥੋਂ 19-21 11-21 ਨਾਲ ਹਾਰ ਝੱਲਣੀ ਪਈ। ਕਿਰਨ ਦਾ ਅਗਲੇ ਗੇੜ ’ਚ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਨਾਲ ਹੋਵੇਗਾ ਜਿਸ ਨੇ ਇੰਗਲੈਂਡ ਦੇ ਹੈਰੀ ਹੁਆਂਗ ਨੂੰ 21-17 19-21 21-19 ਨਾਲ ਹਰਾਇਆ।

ਮਹਿਲਾ ਸਿੰਗਲਜ਼ ’ਚ ਭਾਰਤ ਦੀ ਸ਼੍ਰੀਆਂਸ਼ੀ ਵਲੀਸ਼ੈੱਟੀ ਨੇ ਉਲਟਫੇਰ ਕਰਦਿਆਂ ਤੀਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਐੱਲ ਕੇਜਾਰਸਫੈਲਟ ਨੂੰ ਸਿਰਫ 33 ਮਿੰਟਾਂ ’ਚ ਹੀ 21-19 21-12 ਨਾਲ ਹਰਾ ਦਿੱਤਾ। ਰਕਸ਼ਿਤਾ ਰਾਮਰਾਜ ਨੇ ਸਪੇਨ ਦੀ ਕਲਾਰਾ ਅਜੁਰਮੈਂਡੀ ਨੂੰ 21-14 21-16 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਦੂਜੇ ਗੇੜ ’ਚ ਸ਼੍ਰੀਆਂਸ਼ੀ ਤੇ ਰਕਿਸ਼ਤਾ ਆਹਮੋ-ਸਾਹਮਣੇ ਹੋਣਗੀਆਂ। ਇਸ ਦੌਰਾਨ ਭਾਰਤ ਦੀ ਅਨਮੋਲ ਖਰਬ ਨੂੰ ਜੇ ਡੀ ਜੈਕਬਸਨ ਤੋਂ 24-26 21-23 ਨਾਲ ਹਾਰ ਨਸੀਬ ਹੋਈ।
 


author

Tarsem Singh

Content Editor

Related News