ਲਕਸ਼ੈ ਸੇਨ ਜਾਪਾਨ ਮਾਸਟਰਸ ਦੇ ਸੈਮੀਫਾਈਨਲ ’ਚ ਪੁੱਜਾ
Saturday, Nov 15, 2025 - 12:01 PM (IST)
ਕੁਮਾਮੋਤੋ (ਜਾਪਾਨ)– ਚੋਟੀ ਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਸ਼ਵ ਚੈਂਪੀਅਨ ਸਿੰਗਾਪੁਰ ਦੇ ਲੋਹ ਕੀਨ ਯੂ ’ਤੇ ਉਲਟਫੇਰ ਭਰੀ ਜਿੱਤ ਦਰਜ ਕਰਦੇ ਹੋਏ ਕੁਮਾਮੋਤੋ ਮਾਸਟਰਸ ਜਾਪਾਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਤੇ ਸੱਤਵਾਂ ਦਰਜਾ ਪ੍ਰਾਪਤ ਲਕਸ਼ੈ ਨੇ 4,75,000 ਡਾਲਰ ਦੀ ਇਨਾਮੀ ਰਾਸ਼ੀ ਵਾਲੀ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਲੋਹ ਨੂੰ 40 ਮਿੰਟ ਵਿਚ 21-13, 21-17 ਨਾਲ ਹਰਾਇਆ। ਲਕਸ਼ੈ ਨੇ ਦੋਵਾਂ ਖਿਡਾਰੀਆਂ ਵਿਚਾਲੇ 10 ਮੁਕਾਬਲਿਆਂ ਵਿਚ 7ਵੀਂ ਜਿੱਤ ਦੇ ਨਾਲ ਆਪਣਾ ਦਬਦਬਾ ਕਾਇਮ ਰੱਖਿਆ।
ਇਸ ਸਾਲ ਸਤੰਬਰ ਵਿਚ ਹਾਂਗਕਾਂਗ ਓਪਨ ਵਿਚ ਉਪ ਜੇਤੂ ਰਹਿਣ ਤੋਂ ਇਲਾਵਾ ਡੈੱਨਮਾਰਕ ਤੇ ਹਾਈਲੋ ਓਪਨ ਦੇ ਆਖਰੀ-8 ਵਿਚ ਪਹੁੰਚੇ ਦੁਨੀਆ ਦੇ 15ਵੇਂ ਨੰਬਰ ਦੇ ਇਸ ਖਿਡਾਰੀ ਦੇ ਸਾਹਮਣੇ ਆਖਰੀ-4 ਵਿਚ ਜਾਪਾਨ ਦੇ ਛੇਵਾਂ ਦਰਜਾ ਪ੍ਰਾਪਤ ਤੇ ਦੁਨੀਆ ਦੇ 13ਵੇਂ ਨੰਬਰ ਦੇ ਖਿਡਾਰੀ ਕੇਂਤਾ ਨਿਸ਼ਿਮੋਤੋ ਦੀ ਚੁਣੌਤੀ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਸੰਘਰਸ਼ ਕਰ ਰਹੇ ਲਕਸ਼ੈ ਨੇ ਇਸ ਦੌਰਾਨ ਆਪਣੀ ਖੇਡ ਵਿਚ ਸ਼ਾਨਦਾਰ ਕੰਟਰੋਲ ਦਿਖਾ ਕੇ ਦਬਦਬਾ ਕਾਇਮ ਕੀਤਾ।
