ਲਾਹਿਰੂ ਥਿਰੀਮਾਨੇ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
Monday, Jul 24, 2023 - 02:32 PM (IST)
ਕੋਲੰਬੋ (ਭਾਸ਼ਾ)– ਸ਼੍ਰੀਲੰਕਾ ਦੇ ਖੱਬੇ ਹੱਥ ਦੇ ਬੱਲੇਬਾਜ਼ ਲਾਹਿਰੂ ਥਿਰੀਮਾਨੇ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 33 ਸਾਲਾ ਖਿਡਾਰੀ ਨੇ 2010 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਆਪਣੇ 13 ਸਾਲ ਦੇ ਕਰੀਅਰ ’ਚ 44 ਟੈਸਟ, 127 ਵਨ ਡੇ ਤੇ 26 ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਥਿਰੀਮਾਨੇ ਨੇ ਆਪਣੇ ਫੇਸਬੁੱਕ ਪੇਜ ’ਤੇ ਇਸਦਾ ਐਲਾਨ ਕੀਤਾ। ਥਿਰੀਮਾਨੇ ਨੇ ਸ਼੍ਰੀਲੰਕਾ ਵੱਲੋਂ 3 ਟੀ20 ਵਿਸ਼ਵ ਕੱਪਾਂ ਵਿਚ ਹਿੱਸਾ, ਜਿਨ੍ਹਾਂ ਵਿਚੋਂ 2014 ਦਾ ਵਿਸ਼ਵ ਕੱਪ ਵੀ ਸ਼ਾਮਲ ਹੈ ਜਿਸ ਵਿਚ ਉਨ੍ਹਾਂ ਦੀ ਟੀਮ ਚੈਂਪੀਅਨ ਬਣੀ ਸੀ।
ਥਿਰੀਮਾਨੇ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ,‘‘ਇਕ ਖਿਡਾਰੀ ਦੇ ਤੌਰ 'ਤੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਖੇਡ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਸੰਨਿਆਸ ਦਾ ਫੈਸਲਾ ਲੈਣਾ ਮੁਸ਼ਕਲ ਸੀ ਪਰ ਮੈਂ ਇੱਥੇ ਉਨ੍ਹਾਂ ਕਈ ਕਾਰਨਾਂ ਦਾ ਜ਼ਿਕਰ ਨਹੀਂ ਕਰ ਸਕਦਾ ਜਿਨ੍ਹਾਂ ਕਾਰਨ ਮੈਨੂੰ ਆਪਣੀ ਮਰਜ਼ੀ ਨਾਲ ਜਾਂ ਬਿਨਾਂ ਮਰਜ਼ੀ ਦੇ ਇਹ ਫ਼ੈਸਲਾ ਲੈਣਾ ਪਿਆ।’’