ਕੋਹਲੀ ਕੋਲ ਇਹ ਸਾਬਤ ਕਰਨ ਦਾ ਮੌਕਾ ਕਿ ਉਹ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਕਿਉਂ ਹਨ : ਸ਼ੇਨ ਵਾਰਨ
Wednesday, Jan 26, 2022 - 03:25 PM (IST)
ਸਪੋਰਟਸ ਡੈਸਕ- ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ 1-2 ਨਾਲ ਸੀਰੀਜ਼ ਹਾਰਨ ਦੇ ਬਾਅਦ ਭਾਰਤ ਦੀ ਟੈਸਟ ਕਪਤਾਨੀ ਛੱਡਣ ਦੇ ਆਪਣੇ ਫ਼ੈਸਲੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ 33 ਸਾਲਾ ਭਾਰਤੀ ਖਿਡਾਰੀ ਬਿਨਾ ਕੌਮਾਂਤਰੀ ਸੈਂਕੜਾ ਬਣਾਏ ਪਿਛਲੇ ਦੋ ਸਾਲਾਂ 'ਚ ਮੁਸ਼ਕਲ ਦੌਰ ਤੋਂ ਗੁਜ਼ਰ ਰਿਹਾ ਹੈ ਤੇ ਹੈਰਾਨੀਜਨਕ ਘਟਨਾਕ੍ਰਮ 'ਚ ਉਨ੍ਹਾਂ ਨੂੰ ਵਨ-ਡੇ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਸ਼ੇਨ ਵਾਰਨ ਨੇ ਕਿਹਾ ਕਿ ਵਿਰਾਟ ਕੋਹਲੀ ਲਈ ਇਹ ਸਾਬਤ ਕਰਨ ਦਾ ਸਮਾਂ ਹੈ ਕਿ ਉਹ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਕਿਉਂ ਹਨ।
ਆਸਟਰੇਲੀਆ ਦੇ ਮਹਾਨ ਖਿਡਾਰੀ ਵਾਰਨ ਨੇ ਕਿਹਾ ਕਿ ਮੈਂ ਸਾਰਿਆਂ ਦੀ ਤਰ੍ਹਾਂ ਥੋੜ੍ਹਾ ਹੈਰਾਨ ਸੀ। ਵਿਰਾਟ ਭਾਰਤ ਲਈ ਇਕ ਸ਼ਾਨਦਾਰ ਕਪਤਾਨ ਰਹੇ ਹਨ ਪਰ ਇਕ ਅਰਬ ਤੋਂ ਵੱਧ ਲੋਕਾਂ ਦੀਆਂ ਉਮੀਦਾ ਦੇ ਨਾਲ ਇਹ ਬਹੁਤ ਮੁਸ਼ਕਲ ਵੀ ਹੈ। ਇਹ ਉਸ ਲਈ ਅਸਲ 'ਚ ਮੁਸ਼ਕਲ ਹੋਣ ਵਾਲਾ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਵੀ ਖੇਡ ਦੇ ਸਾਰੇ ਫਾਰਮੈਟਾਂ 'ਚ ਲੰਬੇ ਸਮੇਂ ਤਕ ਕੋਹਲੀ ਵਾਂਗ ਭਾਰਤ ਦੀ ਕਪਤਾਨੀ ਕਰ ਸਕਦਾ ਹੈ ਤੇ ਉੱਚ ਪੱਧਰ 'ਤੇ ਬੱਲੇਬਾਜ਼ੀ ਕਰਨਾ ਜਾਰੀ ਰਖ ਸਕਦਾ ਹੈ।
ਸ਼ੇਨ ਵਾਰਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਹੁਣ ਵਿਰਾਟ ਲਈ ਵਾਪਸ ਜਾਣ ਤੇ ਖ਼ੁਦ ਨੂੰ ਤੇ ਸਾਰਿਆਂ ਨੂੰ ਸਾਬਤ ਕਰਨ ਦਾ ਇਹ ਸ਼ਾਨਦਾਰ ਮੌਕਾ ਹੈ ਕਿ ਉਹ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਕਿਉਂ ਹੈ। ਉਮੀਦ ਹੈ ਕਿ ਉਹ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਤ ਕਰ ਸਕਦੇ ਹਨ ਤੇ ਖੇਡ ਦੇ ਸਾਰੇ ਫਾਰਮੈਟਸ 'ਚ ਫਿਰ ਤੋਂ ਸੈਂਕੜਾ ਜੜਨਾ ਸ਼ੁਰੂ ਕਰ ਸਕਦੇ ਹਨ। ਮੈਨੂੰ ਉਮੀਦ ਹੈ ਕਿ ਅਜਿਹਾ ਹੀ ਹੋਵੇਗਾ। ਉਨ੍ਹਾਂ ਨੇ ਆਪਣੀ ਸਾਥੀਆਂ ਨੂੰ ਪ੍ਰੇਰਿਤ ਕੀਤਾ ਹੈ। ਭਾਰਤ ਨੇ ਕ੍ਰਿਕਟ ਦਾ ਇਕ ਸ਼ਾਨਦਾਰ ਬ੍ਰਾਂਡ ਖੇਡਿਆ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਜਾਰੀ ਰਹੇਗਾ।