ਭਾਰਤੀ ਮਹਿਲਾ ਪਹਿਲਵਾਨ ਕਵਿਤਾ ਦੇਵੀ ਮਾਈ ਯੰਗ ਕਲਾਸਿਕ ਟੂਰਨਾਮੈਂਟ ''ਚ ਲਵੇਗੀ ਹਿੱਸਾ
Saturday, Jul 21, 2018 - 03:19 PM (IST)
ਮੁੰਬਈ— ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਿਊ.ਡਬਲਿਊ.ਈ.) ਦੇ ਸੁਪਰ ਸਟਾਰ ਬ੍ਰਾਨ ਸਟ੍ਰੋਵਮੈਨ ਨੇ ਐਲਾਨ ਕੀਤਾ ਕਿ ਭਾਰਤੀ ਮਹਿਲਾ ਪਹਿਲਵਾਨ ਕਵਿਤਾ ਦੇਵੀ ਅਗਲੇ ਮਹੀਨੇ ਅਮਰੀਕਾ 'ਚ ਹੋਣ ਵਾਲੇ ਮਾਈ ਯੰਗ ਕਲਾਸਿਕ ਟੂਰਨਾਮੈਂਟ 'ਚ ਹਿੱਸਾ ਲਵੇਗੀ। ਫਲੋਰਿਡਾ 'ਚ 8 ਅਤੇ 9 ਅਗਸਤ ਨੂੰ ਹੋਣ ਵਾਲੀ ਇਸ ਪ੍ਰਤੀਯੋਗਿਤਾ 'ਚ 32 ਮਹਿਲਾ ਪਹਿਲਵਾਨ ਸ਼ਾਮਲ ਹਨ ਜਿਸ 'ਚ ਕਵਿਤਾ ਇਕਮਾਤਰ ਭਾਰਤੀ ਹੋਵੇਗੀ। ਸਟ੍ਰੋਵਮੈਨ ਨੇ ਕਿਹਾ ਕਿ ਕਵਿਤਾ ਦੀ ਸ਼ਿਰਕਤ ਨਾਲ ਜ਼ਿਆਦਾ ਦਰਸ਼ਕਾਂ ਦੇ ਆਉਣ 'ਚ ਮਦਦ ਮਿਲੇਗੀ। ਉਸ ਨੇ ਪਿਛਲੇ ਸਾਲ ਵੀ ਇਸ 'ਚ ਹਿੱਸਾ ਲਿਆ ਸੀ।

ਡਬਲਿਊ.ਡਬਲਿਊ.ਈ. 'ਚ ਭਾਰਤੀ ਪ੍ਰਤੀਭਾਵਾਂ ਦੇ ਬਾਰੇ 'ਚ ਗੱਲ ਕਰਦੇ ਹੋਏ ਸਟ੍ਰੋਵਮੈਨ ਨੇ ਕਿਹਾ ਕਿ ਜਿੰਦਰ ਮਾਹਲ ਮਜ਼ਬੂਤ ਰੈਸਲਰ ਹੈ। ਉਸ ਨੇ ਕਿਹਾ, ''ਹਰ ਵਾਰ ਜਦੋਂ ਵੀ ਉਹ ਫਾਈਟ ਲਈ ਆਉਂਦਾ ਹੈ ਤਾਂ ਮੁਕਾਬਲਾ ਕਾਫੀ ਦਿਲਚਸਪ ਹੋ ਜਾਂਦਾ ਹੈ।'' ਅਮਰੀਕਾ ਦੀ ਇਸ ਕੰਪਨੀ ਨੇ ਪਿਛਲੇ ਸਾਲ ਮਾਈ ਯੰਗ ਕਲਾਸਿਕ ਟੂਰਨਾਮੈਂਟ ਦਾ ਐਲਾਨ ਕੀਤਾ ਸੀ ਜੋ ਡਬਲਿਊ.ਡਬਲਿਊ.ਈ. ਹਾਲ ਆਫ ਫੇਮ ਖਿਡਾਰੀ ਅਤੇ ਮਹਾਨ ਸੁਪਰ ਸਟਾਰ 'ਚੋਂ ਇਕ ਮਾਈ ਯੰਗ ਦੇ ਨਾਂ 'ਤੇ ਰਖਿਆ ਗਿਆ ਹੈ।
