ਆਸਟਰੇਲੀਆ ਦੇ ਜੇਮਸ ਡਕਵਰਥ ਨੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦਾ ਜਿੱਤਿਆ ਖ਼ਿਤਾਬ
Monday, Feb 17, 2020 - 09:53 AM (IST)

ਬੈਂਗਲੁਰੂ— ਆਸਟਰੇਲੀਆ ਦੇ ਜੇਮਸ ਡਕਵਰਥ ਨੇ ਫ੍ਰਾਂਸ ਦੇ ਬੇਂਜਾਮਿਨ ਬੋਂਜੀ ਨੂੰ ਐਤਵਾਰ ਨੂੰ ਇੱਥੇ ਸਿੱਧੇ ਸੈੱਟਾਂ 'ਚ ਹਰਾ ਕੇ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਡਕਵਰਥ ਨੇ ਇੱਥੇ ਕੇ. ਐੱਸ. ਐੱਲ. ਟੀ. ਏ. ਕੋਰਟ 'ਤੇ 162000 ਡਾਲਰ ਇਨਾਮੀ ਟੂਰਨਾਮੈਂਟ ਦੇ ਫਾਈਨਲ 'ਚ ਬੋਂਜੀ ਨੂੰ ਸਿਰਫ 68 ਮਿੰਟ 'ਚ 6-4, 6-4 ਨਾਲ ਹਰਾਇਆ।
ਡਕਵਰਥ ਪਿਛਲੇ ਕੁਝ ਸਮੇਂ ਤੋਂ ਕਾਫੀ ਚੰਗੀ ਫਾਰਮ 'ਚ ਚਲ ਰਹੇ ਹਨ। ਉਹ ਪਿਛਲੇ ਹਫਤੇ ਪੁਣੇ 'ਚ ਏ. ਟੀ. ਪੀ. 250 ਟੂਰਨਾਮੈਂਟ ਦੇ ਸੈਮੀਫਾਈਨਲ 'ਚ ਵੀ ਪਹੁੰਚੇ ਸਨ। ਇਸ ਟੂਰਨਾਮੈਂਟ ਤੋਂ ਪਹਿਲਾਂ ਡਕਵਰਥ ਨੇ ਜਿਨ੍ਹਾਂ 6 ਏ. ਟੀ. ਪੀ. ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ ਉਨ੍ਹਾਂ 'ਚੋਂ ਚਾਰ 'ਚ ਜਿੱਤ ਦਰਜ ਕੀਤੀ ਸੀ। ਬੋਂਜੀ ਨੇ ਹਾਲਾਂਕਿ ਫਾਈਨਲ ਤਕ ਦੇ ਸਫਰ ਦੇ ਦੌਰਾਨ ਚਾਰ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਹਰਾਇਆ ਜਿਸ 'ਚ ਭਾਰਤ ਦੇ ਨੰਬਰ ਇਕ ਅਤੇ ਸਾਬਕਾ ਚੈਂਪੀਅਨ ਪ੍ਰਜਨੇਸ਼ ਗੁਣੇਸ਼ਵਰਨ ਵੀ ਸ਼ਾਮਲ ਹਨ।