ਜੋਕੋਵਿਚ ਤੇ ਹਾਲੇਪ ਨੂੰ ਚੋਟੀ ਦਾ ਦਰਜਾ

Thursday, Jan 10, 2019 - 09:31 PM (IST)

ਜੋਕੋਵਿਚ ਤੇ ਹਾਲੇਪ ਨੂੰ ਚੋਟੀ ਦਾ ਦਰਜਾ

ਮੈਲਬੋਰਨ- ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਮਹਿਲਾ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਲਈ ਚੋਟੀ ਦਰਜਾ ਦਿੱਤਾ ਗਿਆ ਹੈ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਮਹਿਲਾਵਾਂ ਵਿਚ ਬਤੌਰ 16ਵਾਂ ਦਰਜਾ ਪ੍ਰਾਪਤ ਖਿਡਾਰੀ ਉਤਰੇਗੀ। ਪੁਰਸ਼ਾਂ ਵਿਚ ਜੋਕੋਵਿਚ ਨੂੰ ਚੋਟੀ ਦਰਜਾ ਮਿਲਿਆ ਹੈ, ਜਦਕਿ ਉਸ ਦਾ ਵਿਰੋਧੀ ਸਪੇਨ ਦਾ ਰਾਫੇਲ ਨਡਾਲ ਦੂਜਾ ਤੇ ਸਾਬਕਾ ਚੈਂਪੀਅਨ ਰੋਜਰ ਫੈਡਰਰ ਤੀਜਾ ਦਰਜਾ ਪ੍ਰਾਪਤ ਹੋਵੇਗਾ। ਜਰਮਨੀ ਦਾ ਅਲੈਕਸਾਂਦ੍ਰ ਜਵੇਰੇਵ ਚੌਥਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ ।
ਮੈਲਬੋਰਨ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਆਸਟਰੇਲੀਅਨ ਓਪਨ ਵਿਚ  ਸਵਿਸ ਮਾਸਟਰ ਫੈਡਰਰ ਵੀ ਖਿਤਾਬ ਦਾ ਬਚਾਅ ਕਰਨ ਉਤਰੇਗਾ ਜਦਕਿ ਇਸ ਵਾਰ ਜਵੇਰੇਵ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ, ਜਿਸ ਨੂੰ ਹੁਣ ਏ. ਟੀ. ਪੀ. ਸਰਕਟ ਵਿਚ ਨਵੇਂ ਹੀਰੋ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।  ਵਿਸ਼ਵ ਦਾ ਪੰਜਵੇਂ ਨੰਬਰ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਸੱਟ ਕਾਰਨ ਬਾਹਰ ਹੈ, ਇਸ ਲਈ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਪੰਜਵਾਂ ਦਰਜਾ ਮਿਲਿਆ ਹੈ, ਜਦਕਿ  ਮਾਰਿਨ ਸਿਲਿਚ ਨੂੰ ਛੇਵਾਂ ਦਰਜਾ ਦਿੱਤਾ ਗਿਆ ਹੈ।
ਮਹਿਲਾਵਾਂ ਵਿਚ ਹਾਲੇਪ ਨੂੰ ਚੋਟੀ ਦਰਜਾ ਦਿੱਤਾ ਗਿਆ ਹੈ, ਜਿਹੜੀ ਡਬਲਯੂ. ਟੀ. ਏ. ਰੈਂਕਿੰਗ ਵਿਚ ਨੰਬਰ ਇਕ 'ਤੇ ਹੈ।  ਰੋਮਾਨੀਆਈ ਖਿਡਾਰਨ ਪਿਛਲੇ ਸਾਲ ਦੀ ਫਾਈਨਲਿਸਟ ਹੈ ਤੇ ਸਿਡਨੀ ਇੰਟਰਨੈਸ਼ਨਲ ਵਿਚ ਬੁੱਧਵਾਰ ਨੂੰ ਪਹਿਲੇ ਹੀ ਦੌਰ ਵਿਚ ਬਾਹਰ ਹੋ ਗਈ ਸੀ। ਸਾਬਕਾ ਚੈਂਪੀਅਨ ਡੈਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਖਰਾਬ ਸਿਹਤ ਕਾਰਨ ਫਾਰਮ ਨਾਲ ਸੰਘਰਸ਼ ਕਰ ਰਹੀ ਹੈ ਤੇ ਤੀਜਾ ਦਰਜਾ ਪ੍ਰਾਪਤ ਦੇ ਰੂਪ ਵਿਚ ਉਤਰੇਗੀ, ਜਦਕਿ ਜਰਮਨੀ ਦੀ ਐਂਜੇਲਿਕ ਕਰਬਰ ਨੂੰ ਦੂਜਾ ਦਰਜਾ ਮਿਲਿਆ ਹੈ। 37 ਸਾਲਾ ਸਾਬਕਾ ਨੰਬਰ ਇਕ ਸੇਰੇਨਾ ਨੂੰ 16ਵਾਂ ਦਰਜਾ ਮਿਲਿਆ ਹੈ।
ਪ੍ਰਜਨੇਸ਼ ਮੁੱਖ ਡਰਾਅ ਦੇ ਨੇੜੇ, ਅੰਕਿਤਾ ਤੇ ਰਾਮਕੁਮਾਰ ਬਾਹਰ
ਫਾਰਮ ਵਿਚ ਚੱਲ ਰਹੇ ਪ੍ਰਜਨੇਸ਼ ਗੁਣੇਸ਼ਵਰਨ ਇਕ ਹੋਰ ਸਿੱਧੇ ਸੈੱਟਾਂ ਵਿਚ ਮਿਲੀ ਜਿੱਤ ਨਾਲ ਆਪਣੇ ਪਹਿਲੇ ਗ੍ਰੈਂਡ ਸਲੈਮ ਵਿਚ ਹਿੱਸਾ ਲੈਣ ਦੇ ਨੇੜੇ ਪਹੁੰਚ ਗਿਆ ਹੈ ਪਰ ਅੰਕਿਤਾ ਰੈਨਾ ਤੇ ਰਾਮਕੁਮਾਰ ਰਾਮਨਾਥਨ ਵੀਰਵਾਰ ਨੂੰ ਇੱਥੇ ਨੇੜਲੀ ਹਾਰ ਨਾਲ ਆਸਟਰੇਲੀਆਈ ਓਪਨ ਕੁਆਲੀਫਾਇਰ ਵਿਚੋਂ ਬਾਹਰ ਹੋ ਗਏ। ਛੇਵਾਂ ਦਰਜਾ ਪ੍ਰਾਪਤ ਪ੍ਰਜਨੇਸ਼ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ ਸਪੇਨ ਦੇ ਐਨਰਿਕੇ ਲੋਪੇਜ ਪੇਰੇਜ ਨੂੰ 6-3, 6-3 ਨਾਲ ਹਰਾਇਆ।


Related News