ਭੁਪੇਸ਼ ਬਘੇਲ ਦੇ ਪੁੱਤ ਨੂੰ ਜ਼ਮਾਨਤ ਦੇ ਫ਼ੈਸਲੇ ਦਾ ਰਾਜਾ ਵੜਿੰਗ ਵੱਲੋਂ ਸਵਾਗਤ, ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ
Sunday, Jan 04, 2026 - 06:29 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਪੁੱਤਰ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ। ਵੜਿੰਗ ਨੇ ਇਸ ਨੂੰ ਬੀਜੇਪੀ ਦੀ "ਬਦਲਾਖੋਰੀ ਦੀ ਰਾਜਨੀਤੀ" 'ਤੇ ਇਕ ਕਰਾਰਾ ਤਮਾਚਾ ਕਰਾਰ ਦਿੱਤਾ। ਇਸ ਦੌਰਾਨ ਵੜਿੰਗ ਨੇ ਲੱਡੂ ਵੰਡ ਕੇ ਸਾਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ।
ਕਿਹਾ- ਪੰਜਾਬ 'ਚ ਹੋਰ ਮਜ਼ਬੂਤ ਹੋਵੇਗੀ ਕਾਂਗਰਸ
ਰਾਜਾ ਵੜਿੰਗ ਨੇ ਕਿਹਾ ਕਿ ਈ.ਡੀ. (ED) ਨੇ ਪਿਛਲੇ 4-5 ਮਹੀਨਿਆਂ ਤੋਂ ਭੁਪੇਸ਼ ਬਘੇਲ ਦੇ ਪੁੱਤਰ ਨੂੰ ਪੂਰੀ ਤਰ੍ਹਾਂ ਝੂਠੇ ਇਲਜ਼ਾਮਾਂ ਤਹਿਤ ਜੇਲ੍ਹ ਵਿਚ ਰੱਖਿਆ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬਘੇਲ ਦੇ ਪੁੱਤਰ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਸਿਰਫ਼ ਖੇਤੀਬਾੜੀ ਦਾ ਕੰਮ ਕਰਦਾ ਸੀ। ਵੜਿੰਗ ਅਨੁਸਾਰ, ਬੀ.ਜੇ.ਪੀ. ਨੂੰ ਇਹ ਡਰ ਸਤਾ ਰਿਹਾ ਸੀ ਕਿ ਬਘੇਲ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾ ਦੇਣਗੇ, ਇਸ ਲਈ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਉਨ੍ਹਾਂ ਦੇ ਪਰਵਿਾਰਕ ਮੈਂਬਰਾਂ 'ਤੇ ਪ੍ਰੈਸ਼ਰ ਪਾਇਆ ਗਿਆ। ਵੜਿੰਗ ਨੇ ਭਰੋਸਾ ਜਤਾਇਆ ਕਿ ਬਘੇਲ ਸਾਹਿਬ ਹੁਣ ਪੰਜਾਬ ਵਿਚ ਵਧੇਰੇ ਸਮਾਂ ਦੇਣਗੇ, ਜਿਸ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ।
