ਪੇਨ ਨੂੰ 3 ਸਾਲ ਪਹਿਲਾਂ ਕਪਤਾਨੀ ਤੋਂ ਨਾ ਹਟਾਉਣਾ ਗ਼ਲਤੀ ਸੀ : ਸੀ. ਏ. ਮੁਖੀ

Sunday, Nov 21, 2021 - 11:50 AM (IST)

ਸਿਡਨੀ,  (ਭਾਸ਼ਾ)– ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਮੁਖੀ ਰਿਚਰਡ ਫ੍ਰਾਯਡੇਨਸਟੀਨ ਨੇ ਸ਼ਨੀਵਾਰ ਨੂੰ ਮੰਨਿਆ ਕਿ ਬੋਰਡ ਨੇ ਮਹਿਲਾ ਸਹਿ-ਕਰਮਚਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਟਿਮ ਪੇਨ ਨੂੰ ਟੈਸਟ ਕਪਤਾਨੀ ਤੋਂ ਮੁਕਤ ਨਾ ਕਰ ਕੇ ਗ਼ਲਤੀ ਕੀਤੀ ਸੀ। ਪੇਨ ਨੇ ਇਕ ਮਹਿਲਾ ਸਹਿ-ਕਰਮਚਾਰੀ ਨੂੰ ਆਪਣੀ ਅਸ਼ਲੀਲ ਤਸਵੀਰ ਤੇ ਇਤਰਾਜ਼ਯੋਗ ਮੈਸੇਜ ਭੇਜਣ ’ਤੇ ਅਫ਼ਸੋਸ ਜਤਾਉਂਦੇ ਹੋਏ ਸ਼ੁੱਕਰਵਾਰ ਨੂੰ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ।  

ਫ੍ਰਾਯਡੇਨਸਟੀਨ ਨੇ ਸੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਨਾਲ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ, ‘‘ਮੈਂ 2018 ਦੇ ਫੈਸਲੇ ਦੇ ਬਾਰੇ ਵਿਚ ਗੱਲ ਨਹੀਂ ਕਰ ਸਕਦਾ, ਮੈਂ ਉੱਥੇ ਨਹੀਂ ਸੀ ਪਰ ਮੈਂ ਤੱਥਾਂ ਦੇ ਆਧਾਰ ’ਤੇ ਕਹਿ ਰਿਹਾ ਹਾਂ, ਅੱਜ ਦੇ ਸਮੇਂ ਵਿਚ ਬੋਰਡ ਉਸ ਤਰ੍ਹਾਂ ਦਾ ਫੈਸਲਾ ਨਹੀਂ ਕਰਦਾ।’’ ਇਹ ਮਾਮਲਾ 2017 ਦਾ ਹੈ ਤੇ ਜਿਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਤੇ ਕ੍ਰਿਕਟ ਤਸਮਾਨੀਆ ਦੀ ਜਾਂਚ ਵਿਚ ਉਸ ਨੂੰ ਕਲੀਨ ਚਿੱਟ ਮਿਲੀ ਸੀ। ਪੇਨ ਨੂੰ 2018 ਵਿਚ ਦੱਖਣੀ ਅਫਰੀਕਾ ਦੇ ਦੌਰੇ ’ਤੇ ਗੇਂਦ ਨਾਲ ਛੇੜਖਾਨੀ ਦੇ ਵਿਵਾਦ ਤੋਂ ਬਾਅਦ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। 


Tarsem Singh

Content Editor

Related News