ਧੋਨੀ ਨੇ ਕਿਹਾ- ਇਸ ਰਣਨੀਤੀ ਦੇ ਤਹਿਤ ਚੇਨਈ ਨੂੰ ਦਿਵਾਈ ਜਿੱਤ
Monday, Apr 01, 2019 - 01:28 PM (IST)

ਚੇਨਈ : ਰਾਜਸਥਾਨ ਰਾਇਲਸ ਖਿਲਾਫ ਐਤਵਾਰ ਨੂੰ ਇੱਥੇ ਅਜੇਤੂ 75 ਦੌੜਾਂ ਦੀ ਪਾਰੀ ਖੇਡ ਕੇ ਚੇਨਈ ਸੁਪਰ ਕਿੰਗਜ਼ ਨੂੰ ਮਹੱਤਵਪੂਰਨ ਜਿੱਤ ਦਿਵਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਮੰਨਿਆ ਕਿ ਟੀਮ ਨੂੰ ਸ਼ੁਰੂਆਤੀ ਝਟਕੇ ਲੱਗਣ ਤੋਂ ਬਾਅਦ ਉਹ ਵੱਡੀ ਸਾਂਝੇਦਾਰੀ ਬਣਾਉਣਾ ਚਾਹੁੰਦੇ ਸੀ। ਮੇਜ਼ਬਾਨ ਟੀਮ ਨੇ ਇੱਥੇ ਐੱਮ. ਏ. ਚਿਦੰਬਰਮ ਸਟੇਡੀਅਮ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 27 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸੀ ਪਰ ਧੋਨੀ ਨੇ ਬਿਹਤਰੀਨ ਬੱਲੇਬਾਜ਼ੀ ਨਾਲ ਟੀਮ ਨੂੰ 175 ਤੱਕ ਪਹੁੰਚਾ ਦਿੱਤਾ। ਮੈਚ ਤੋਂ ਬਾਅਦ ਧੋਨੀ ਨੇ ਕਿਹਾ, ''ਅਸੀਂ ਇਕ ਚੰਗੀ ਸਾਂਝੇਦਾਰੀ ਬਣਾਉਣਾ ਚਾਹੁੰਦੇ ਸੀ ਅਤੇ ਇਸ ਦੀ ਜ਼ਰੂਰਤ ਵੀ ਸੀ। ਸਾਨੂੰ ਪਤਾ ਸੀ ਕਿ ਮੈਦਾਨ 'ਤੇ ਥੋੜਾ ਘਾਹ ਹੈ। ਸਾਨੂੰ ਪਤਾ ਸੀ ਕਿ ਖੇਡ ਨੂੰ ਅੱਗੇ ਵਧਾਉਣ ਦੇ ਨਾਲ ਦੌੜਾਂ ਬਣਾਉਣਾ ਆਸਾਨ ਹੋ ਜਾਵੇਗਾ। ਸਾਡੀ ਟੀਮ ਵਿਚ 9 ਨੰਬਰ ਤੱਕ ਦੇ ਖਿਡਾਰੀ ਬੱਲੇਬਾਜ਼ੀ ਕਰ ਸਕਦੇ ਹਨ। ਅਸੀਂ ਆਖਰੀ ਦੇ ਕੁਝ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾ ਸਕਦੇ ਸੀ ਜਿਸ ਦੇ ਕਾਰਨ ਸਾਨੂੰ ਇਕ ਚੰਗੀ ਸਾਂਝੇਦਾਰੀ ਦੀ ਜ਼ਰੂਰਤ ਸੀ।''
ਸੈਂਟਨਰ ਨੂੰ ਟੀਮ ਵਿਚ ਸ਼ਾਮਲ ਕਰਨ 'ਤੇ ਧੋਨੀ ਨੇ ਕਿਹਾ, ''ਸਾਡੇ ਕੋਲ ਬਿਹਤਰੀਨ 11 ਖਿਡਾਰੀ ਹਨ ਅਤੇ ਮੇਜ਼ਬਾਨ ਟੀਮ ਵਿਚ ਖੱਬੇ ਹੱਥ ਦੇ ਘੱਟ ਬੱਲੇਬਾਜ਼ ਸੀ ਇਸ ਲਈ ਅਸੀਂ ਸੈਂਟਨਰ ਨੂੰ ਮੌਕਾ ਦਿੱਤਾ। ਜੇਕਰ ਜ਼ਰੂਰਤ ਨਾ ਹੋਵੇ ਤਾਂ ਬਦਲਾਅ ਕਰਨਾ ਜ਼ਰੂਰੀ ਨਹੀਂ ਹੈ। ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧੇਗਾ ਸਾਰੇ ਖਿਡਾਰੀਆਂ ਨੂੰ ਵੱਧ ਮੌਕੇ ਮਿਲਣਗੇ।'' ਧੋਨੀ ਨੂੰ ਆਪਣੀ ਇਸ ਸ਼ਾਨਦਾਰ ਪਾਰੀ ਲਈ 'ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ।