IPL 2018 : ਚੇਨਈ ਨੇ ਕੋਲਕਾਤਾ ਨੂੰ 5 ਵਿਕਟਾਂ ਨਾਲ ਹਰਾਇਆ

Wednesday, Apr 11, 2018 - 01:01 AM (IST)

ਚੇਨਈ- ਸੈਮ ਬਿਲਿੰਗਸ ਦੇ ਤੂਫਾਨੀ ਅਰਧ ਸੈਂਕੜੇ ਨਾਲ ਚੇਨਈ ਸੁਪਰ ਕਿੰਗਜ਼ ਨੇ ਆਂਦ੍ਰੇ ਰਸੇਲ ਦੀ ਤਾਬੜਤੋੜ ਪਾਰੀ 'ਤੇ ਪਾਣੀ ਫੇਰਦੇ ਹੋਏ ਮੰਗਲਵਾਰ ਨੂੰ ਇੱਥੇ ਆਈ. ਪੀ. ਐੱਲ.-11 ਦੇ ਵੱਡੇ ਸਕੋਰ ਵਾਲੇ ਬੇਹੱਦ ਰੋਮਾਂਚਕ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਕੇ. ਕੇ. ਆਰ. ਨੇ ਰਸੇਲ ਦੀ 36 ਗੇਂਦਾਂ ਵਿਚ 11 ਛੱਕਿਆਂ ਤੇ ਇਕ ਚੌਕੇ ਦੀ ਮਦਦ ਨਾਲ ਅਜੇਤੂ 88 ਦੌੜਾਂ ਦੀ ਪਾਰੀ ਦੀ ਬਦੌਲਤ 6 ਵਿਕਟਾਂ 'ਤੇ 202 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਰਸੇਲ ਨੇ ਆਈ. ਪੀ. ਐੱਲ. ਵਿਚ ਆਪਣੀ ਸਰਵਸ੍ਰੇਸ਼ਠ ਪਾਰੀ ਦੌਰਾਨ ਕਪਤਾਨ ਦਿਨੇਸ਼ ਕਾਰਤਿਕ (26) ਨਾਲ ਛੇਵੀਂ ਵਿਕਟ ਲਈ 7.4 ਓਵਰਾਂ ਵਿਚ 76 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। 
ਇਸਦੇ ਜਵਾਬ ਵਿਚ ਸੁਪਰ ਕਿੰਗਜ਼ ਦੀ ਟੀਮ ਨੇ ਸੈਮ ਬਿਲਿੰਗਸ (56) ਦੇ ਅਰਧ ਸੈਂਕੜੇ ਤੇ ਸਲਾਮੀ ਬੱਲੇਬਾਜ਼ਾਂ ਸ਼ੇਨ ਵਾਟਸਨ (42) ਤੇ ਅੰਬਾਤੀ ਰਾਇਡੂ (39) ਦੀਆਂ ਸ਼ਾਨਦਾਰ ਪਾਰੀਆਂ ਨਾਲ ਇਕ ਗੇਂਦ ਬਾਕੀ ਰਹਿੰਦਿਆਂ  5 ਵਿਕਟਾਂ 'ਤੇ 205 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਬਿਲਿੰਗਸ ਨੇ 23 ਗੇਂਦਾਂ ਦੀ ਆਪਣੀ ਪਾਰੀ ਵਿਚ 5 ਛੱਕੇ ਤੇ 2 ਚੌਕੇ ਲਾਏ। ਟੀਮ ਨੂੰ ਟੀਚੇ ਤਕ ਡਵੇਨ ਬ੍ਰਾਵੋ (ਅਜੇਤੂ 11) ਤੇ ਰਵਿੰਦਰ ਜਡੇਜਾ (ਅਜੇਤੂ 11) ਨੇ ਆਖਰੀ ਓਵਰ ਵਿਚ ਇਕ-ਇਕ ਛੱਕਾ ਲਾ ਕੇ ਪਹੁੰਚਾਇਆ। 


Related News