IPL 2018 : ਸ਼ਮੀ ਦੀ ਜਗ੍ਹਾ ਖੇਡ ਸਕਦੈ ਇਹ ਧਾਕੜ ਗੇਂਦਬਾਜ਼
Saturday, Mar 10, 2018 - 05:27 PM (IST)

ਨਵੀਂ ਦਿੱਲੀ, (ਬਿਊਰੋ)— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਫਿਲਹਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੈਂਟਰਲ ਕਾਂਟਰੈਕਟ ਤੋਂ ਬਾਹਰ ਹਨ। ਹੁਣ ਉਨ੍ਹਾਂ ਦੇ ਆਈ.ਪੀ.ਐੱਲ. 'ਚ ਖੇਡਣ 'ਤੇ ਵੀ ਸਵਾਲੀਆ ਨਿਸ਼ਾਨ ਲਗ ਚੁੱਕਾ ਹੈ। ਦਿੱਲੀ ਡੇਅਰਡੇਵਿਲਸ ਸ਼ਮੀ ਨਾਲ ਜੁੜੇ ਵਿਵਾਦ 'ਤੇ ਕਰੀਬੀ ਨਜ਼ਰ ਰਖੇ ਹੋਏ ਹੈ ਅਤੇ ਉਸ ਦੇ ਚੋਟੀ ਦੇ ਅਧਿਕਾਰੀ ਇਸ ਮਾਮਲੇ 'ਚ ਛੇਤੀ ਹੀ ਬੀ.ਸੀ.ਸੀ.ਆਈ. ਅਧਿਕਾਰੀਆਂ ਨੂੰ ਮਿਲ ਸਕਦੇ ਹਨ।
ਜ਼ਿਕਰਯੋਗ ਹੈ ਕਿ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ 'ਤੇ ਐਕਸਟਰਾ ਮੈਰੀਟਲ ਅਫੇਅਰ, ਘਰੇਲੂ ਹਿੰਸਾ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਕੋਲਕਾਤਾ ਪੁਲਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਦੇ ਬਾਅਦ ਸ਼ਮੀ 'ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਮੀ ਦੇ ਖਿਲਾਫ ਲਗਾਏ ਗਏ ਦੋਸ਼ ਸਾਬਤ ਨਹੀਂ ਹੋਏ ਹਨ। ਇਸ ਲੰਬੀ ਪ੍ਰਕਿਰਿਆ ਦੇ ਦੌਰਾਨ ਸ਼ਮੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਅਜਿਹੇ 'ਚ ਮੰਨਿਆ ਜਾ ਸਕਦਾ ਹੈ ਕਿ ਉਹ ਇਸ ਸਾਲ ਆਈ.ਪੀ.ਐੱਲ. ਨਹੀਂ ਖੇਡ ਸਕਣਗੇ। ਗੌਤਮ ਗੰਭੀਰ ਦੀ ਅਗਵਾਈ ਵਾਲੀ ਦਿੱਲੀ ਡੇਅਰਡੇਵਿਲਸ ਟੀਮ ਸ਼ਮੀ ਦੇ ਬਦਲ ਦੀ ਭਾਲ ਕਰੇਗੀ।
ਸ਼ਮੀ ਦੀ ਗੈਰ ਮੌਜੂਦਗੀ 'ਚ ਵਿਦਰਭ ਦੇ ਤੇਜ਼ ਗੇਂਦਬਾਜ਼ ਰਜਨੀਸ਼ ਗੁਰਬਾਨੀ ਦਾ ਨਾਂ ਉਭਰਕੇ ਸਾਹਮਣੇ ਆਇਆ ਹੈ, ਜਿਸ 'ਤੇ ਦਿੱਲੀ ਡੇਅਰਡੇਵਿਲਸ ਫ੍ਰੈਂਚਾਈਜ਼ੀ ਦਾਅ ਲਗਾ ਸਕਦੀ ਹੈ। 24 ਸਾਲਾ ਗੁਰਬਾਨੀ 2017-18 ਰਣਜੀ ਸੈਸ਼ਨ 'ਚ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਰਹੇ। ਗੁਰਬਾਨੀ ਨੇ ਰਣਜੀ ਸੀਜ਼ਨ 'ਚ 17.12 ਦੀ ਔਸਤ ਨਾਲ 39 ਵਿਕਟ ਝਟਕਾਏ। ਸਭ ਤੋਂ ਜ਼ਿਆਦਾ ਪੰਜ ਵਾਰ ਉਨ੍ਹਾਂ ਨੇ ਪਾਰੀ 5 ਜਾਂ ਇਸ ਤੋਂ ਜ਼ਿਆਦਾ ਵਿਕਟ ਝਟਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਵਾਰ ਮੈਚ 'ਚ 10 ਜਾਂ ਇਸ ਤੋਂ ਜ਼ਿਆਦਾ ਵਿਕਟ ਹਾਸਲ ਕੀਤੇ। ਇਨ੍ਹਾਂ ਦੇ ਪ੍ਰਦਰਸ਼ਨ ਦੀ ਬਦੌਲਤ ਵਿਦਰਭ ਦੀ ਟੀਮ ਪਹਿਲੀ ਵਾਰ ਰਣਜੀ ਚੈਂਪੀਅਨ ਬਣੀ।
ਗੁਰਬਾਨੀ ਨੇ ਹਿਮਾਚਲ ਪ੍ਰਦੇਸ਼ ਦੇ ਖਿਲਾਫ 6/113, ਕੇਰਲ ਦੇ ਖਿਲਾਫ ਕੁਆਰਟਰਫਾਈਨਲ 'ਚ 5/38 ਅਤੇ ਸੈਮੀਫਾਈਨਲ 'ਚ ਕਰਨਾਟਕ ਦੇ ਖਿਲਾਫ 5/94 ਅਤੇ ਵਿਕਟ ਝਟਕੇ। ਗੁਰਬਾਨੀ ਨੇ ਦਿੱਲੀ ਦੇ ਖਿਲਾਫ ਰਣਜੀ ਫਾਈਨਲ 'ਚ ਹੈਟ੍ਰਿਕ ਵੀ ਲਈ ਸੀ। ਪਰ ਆਈ.ਪੀ.ਐੱਲ.ਦੇ ਲਈ ਲੱਗੀ ਬੋਲੀ 'ਚ ਗੁਰਬਾਨੀ ਨੂੰ ਕਿਸੇ ਨੇ ਨਹੀਂ ਖਰੀਦਿਆ। ਉਨ੍ਹਾਂ ਦੀ ਬੇਸ ਪ੍ਰਾਈਸ 20 ਲੱਖ ਰੁਪਏ ਸੀ। ਸ਼ਮੀ ਨੂੰ ਦਿੱਲੀ ਨੇ ਰਾਈਟ ਟੂ ਮੈਚ (ਆਰ.ਟੀ.ਐੱਮ.) ਕਾਰਡ ਖੇਡ ਕੇ 3 ਕਰੋੜ ਰੁਪਏ 'ਚ ਆਪਣੀ ਟੀਮ 'ਚ ਲਿਆ ਸੀ।