ਭਾਰਤੀ ਕੁਸ਼ਤੀ ਸੰਘ ਨੇ ਓਲੰਪਿਕ ਕੋਟਾ ਜੇਤੂਆਂ ਨੂੰ ਟ੍ਰਾਇਲਾਂ ਤੋਂ ਦਿੱਤੀ ਛੋਟ

Tuesday, May 21, 2024 - 08:37 PM (IST)

ਭਾਰਤੀ ਕੁਸ਼ਤੀ ਸੰਘ ਨੇ ਓਲੰਪਿਕ ਕੋਟਾ ਜੇਤੂਆਂ ਨੂੰ ਟ੍ਰਾਇਲਾਂ ਤੋਂ ਦਿੱਤੀ ਛੋਟ

ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਮੰਗਲਵਾਰ ਨੂੰ ਓਲੰਪਿਕ ਕੋਟਾ ਜੇਤੂ ਸਾਰੇ 6 ਪਹਿਲਵਾਨਾਂ ਨੂੰ ਚੋਣ ਟ੍ਰਾਇਲਾਂ ਤੋਂ ਛੋਟ ਦੇ ਦਿੱਤੀ ਹੈ ਪਰ ਉਨ੍ਹਾਂ ਦੀ ਫਾਰਮ ਤੇ ਫਿਟਨੈੱਸ ਦਾ ਮੁਲਾਂਕਣ ਆਗਾਮੀ ਰੈਂਕਿੰਗ ਸੀਰੀਜ਼ ਟੂਰਨਾਮੈਂਟ ਤੇ ਹੰਗਰੀ ਵਿਚ ਅਭਿਆਸ ਕੈਂਪ ਵਿਚ ਹੋਵੇਗਾ। ਡਬਲਯੂ. ਐੱਫ. ਆਈ. ਨੇ ਕਿਹਾ ਕਿ ਇਹ ਵਿਸ਼ੇਸ਼ ਹਾਲਾਤ ਵਿਚ ਲਿਆ ਗਿਆ ਫੈਸਲਾ ਹੈ ਤੇ ਇਸ ਨੂੰ ਭਵਿੱਖ ਲਈ ਉਦਾਹਰਨ ਨਹੀਂ ਮੰਨਿਆ ਜਾਣਾ ਚਾਹੀਦਾ। ਡਬਲਯੂ. ਐੱਫ. ਆਈ. ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਪਹਿਲਵਾਨ ਦੀ ਫਿਟਨੈੱਸ ਵਿਚ ਕਮੀ ਪਾਈ ਗਈ ਤਾਂ ਸੰਘ 8 ਜੁਲਾਈ ਤੋਂ ਪਹਿਲਾਂ ਟ੍ਰਾਇਲ ਦੇ ਰਾਹੀਂ ਬਦਲ ਦੇ ਬਾਰੇ ਵਿਚ ਸੋਚੇਗਾ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 8 ਜੁਲਾਈ ਹੈ।
ਭਾਰਤ ਨੇ ਪੈਰਿਸ ਓਲੰਪਿਕ ਲਈ 6 ਕੋਟਾ ਸਥਾਨ ਹਾਸਲ ਕੀਤੇ ਹਨ, ਜਿਨ੍ਹਾਂ ਵਿਚ ਅਮਨ ਸਹਿਰਵਾਤ (57 ਕਿਲੋ) ਇਕੱਲਾ ਪੁਰਸ਼ ਪਹਿਲਵਾਨ ਹੈ। ਵਿਨੇਸ਼ ਫੋਗਟ (50 ਕਿਲੋ), ਅੰਤਿਮ ਪੰਘਾਲ (53 ਕਿਲੋ), ਅੰਸ਼ੂ ਮਲਿਕ (57 ਕਿਲੋ), ਨਿਸ਼ਾ ਦਹੀਆ (68 ਕਿਲੋ) ਤੇ ਰੀਤਿਕਾ ਹੁੱਡਾ (76 ਕਿਲੋ) ਨੇ ਵੀ ਕੁਆਲੀਫਾਈ ਕੀਤਾ ਹੈ। ਪਹਿਲਵਾਨਾਂ ਨੇ ਡਬਲਯੂ. ਐੱਫ. ਆਈ. ਨੂੰ ਟ੍ਰਾਇਲ ਨਾ ਕਰਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਸੱਟ ਦਾ ਖਤਰਾ ਹੋ ਸਕਦਾ ਹੈ। ਡਬਲਯੂ. ਐੱਫ. ਆਈ. ਮੁਖੀ ਸੰਜੇ ਸਿੰਘ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਇਸ ਨੂੰ ਸਵੀਕਾਰ ਕਰ ਲਿਆ।


author

Aarti dhillon

Content Editor

Related News