ਟੀ-20 ਮੈਚਾਂ ਦਾ ਸੈਂਕੜਾ ਪੂਰਾ ਕਰੇਗੀ ਭਾਰਤੀ ਮਹਿਲਾ ਟੀਮ

Tuesday, Feb 05, 2019 - 10:25 PM (IST)

ਟੀ-20 ਮੈਚਾਂ ਦਾ ਸੈਂਕੜਾ ਪੂਰਾ ਕਰੇਗੀ ਭਾਰਤੀ ਮਹਿਲਾ ਟੀਮ

ਵੇਲਿੰਗਟਨ— ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਬੁੱਧਵਾਰ ਤੋਂ ਸ਼ੁਰੂ ਹੋ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਵਿਚ ਟੀ-20 ਮੈਚਾਂ ਦਾ ਆਪਣਾ ਸੈਂਕੜਾ ਪੂਰਾ ਕਰੇਗੀ। ਭਾਰਤੀ ਮਹਿਲਾ ਟੀਮ ਨੇ ਹੁਣ ਤਕ 98 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 53 ਮੈਚ ਜਿੱਤੇ ਹਨ ਤੇ 43 ਹਾਰੇ ਹਨ। ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ 8 ਟੀ-20 ਮੈਚਾਂ ਵਿਚੋਂ 3 ਮੈਚ ਜਿੱਤੇ ਹਨ ਤੇ 5 ਹਾਰੇ ਹਨ। ਮਹਿਲਾ ਟੀਮ ਦਾ ਇਸ ਮਾਮਲੇ ਵਿਚ ਰਿਕਾਰਡ ਪੁਰਸ਼ ਟੀਮ ਤੋਂ ਬਿਹਤਰ ਹੈ, ਜਿਸ ਨੇ ਨਿਊਜ਼ੀਲੈਂਡ ਵਿਰੁੱਧ 8 ਮੈਚਾਂ ਵਿਚੋਂ ਸਿਰਫ 2 ਮੈਚ ਜਿੱਤੇ ਹਨ। 
ਮਹਿਲਾ ਟੀਮ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਖੇਡਦੇ ਹੀ 100 ਮੈਚ ਪੂਰੇ ਕਰਨ ਦੀ ਉਪਲੱਬਧੀ ਆਪਣੇ ਨਾਂ ਕਰ ਲਵੇਗੀ ਤੇ ਇਹ ਉਪਲੱਬਧੀ ਹਾਸਲ ਕਰਨ ਵਾਲੀ ਉਹ ਦੁਨੀਆ ਦੀ ਛੇਵੀਂ ਟੀਮ ਬਣ ਜਾਵੇਗੀ। ਅਜੇ ਤਕ ਆਸਟਰੇਲੀਆ, ਇੰਗਲੈਂਡ, ਪਾਕਿਸਤਾਨ, ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਨੇ ਟੀ-20 ਵਿਚ 100 ਮੈਚ ਪੂਰੇ ਕੀਤੇ ਹਨ।
ਭਾਰਤੀ ਟੀਮ ਨੇ ਮਿਤਾਲੀ ਰਾਜ ਦੀ ਕਪਤਾਨੀ ਵਿਚ ਵਨ ਡੇ ਸੀਰੀਜ਼ 2-1 ਨਾਲ ਜਿੱਤੀ ਸੀ, ਜਦਕਿ ਟੀ-20 ਸੀਰੀਜ਼ ਵਿਚ ਭਾਰਤੀ ਕਪਤਾਨੀ ਹਮਲਾਵਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੇ ਹੱਥਾਂ ਵਿਚ ਰਹੇਗੀ, ਜਿਸ ਦੀ ਅਗਵਾਈ ਵਿਚ ਭਾਰਤੀ ਟੀਮ ਪਿਛਲੇ ਸਾਲ ਨਵੰਬਰ ਵਿਚ ਵੈਸਟਇੰਡੀਜ਼ ਵਿਚ ਹੋਏ ਵਿਸ਼ਵ ਕੱਪ ਦੇ ਸੈਮੀਫਾਈਨਲ ਤਕ ਪਹੁੰਚੀ ਸੀ। ਭਾਰਤੀ ਟੀਮ ਨੇ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਨੂੰ ਗਰੁੱਪ ਗੇੜ ਵਿਚ 34 ਦੌੜਾਂ ਨਾਲ ਹਰਾਇਆ ਸੀ। ਮਹਿਲਾ ਟੀਮ ਵੇਲਿੰਗਟਨ ਦੇ ਜਿਸ ਮੈਦਾਨ 'ਚ ਪਹਿਲਾ ਮੈਚ ਖੇਡੇਗੀ, ਉਸੇ ਮੈਦਾਨ 'ਤੇ ਕੁਝ ਦੇਰ ਬਾਅਦ ਦੋਵਾਂ ਦੇਸ਼ਾਂ ਦੀਆਂ ਪੁਰਸ਼ ਟੀਮਾਂ ਪਹਿਲੇ ਟੀ-20 ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ।


Related News