ਹੈਂਡਬਾਲ ਨੂੰ ਛੱਡ ਹਾਕੀ ਨੂੰ ਅਪਣਾਉਣ ਨਾਲ ਜ਼ਿੰਦਗੀ ਬਦਲ ਗਈ : ਉਦਿਤਾ
Monday, Jun 28, 2021 - 09:31 PM (IST)
ਬੈਂਗਲੁਰੂ— ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਨੂੰ ਤਿਆਰ ਫਰੰਟ ਲਾਈਨ ਦੀ ਖਿਡਾਰੀ ਉਦਿਤਾ ਨੇ ਕਿਹਾ ਕਿ 6 ਸਾਲ ਪਹਿਲਾਂ ਹੈਂਡਬਾਲ ਛੱਡ ਹਾਕੀ ਨਾਲ ਜੁੜਨ ਦੇ ਫ਼ੈਸਲੇ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਦੇਸ਼ ਲਈ 32 ਮੈਚ ਖੇਡਣ ਵਾਲੀ ਹਰਿਆਣਾ ਦੀ 23 ਸਾਲ ਦੀ ਇਹ ਖਿਡਾਰੀ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਖੇਡਾਂ ਲਈ ਐਲਾਨੀ ਗਈ 16 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਹੈ।
ਉਦਿਤਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜ਼ਿੰਦਗੀ ਤੁਹਾਨੂੰ ਕਿੱਥੇ ਲੈ ਜਾਂਦੀ ਹੈ। ਮੈਂ 6 ਸਾਲ ਪਹਿਲਾਂ ਹੀ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਮੈਂ ਹੈਂਡਬਾਲ ਖੇਡਦੀ ਸੀ। ਸ਼ਾਇਦ ਕਿਸਮਤ ਦੇ ਕੋਲ ਹੋਰ ਯੋਜਨਾ ਸੀ। ਉਨ੍ਹਾਂ ਕਿਹਾ ਮੇਰੇ ਹੈਂਡਬਾਲ ਕੋਚ ਲਗਾਤਾਰ ਤਿੰਨ ਦਿਨ ਗ਼ੈਰਹਾਜ਼ਰ ਰਹੇ ਜਿਸ ਨੇ ਮੈਨੂੰ ਆਪਸ਼ਨਲ ਖੇਡ ਦੇ ਤੌਰ ’ਤੇ ਹਾਕੀ ਚੁਣਨ ਲਈ ਪ੍ਰੇਰਿਤ ਕੀਤਾ। ਹਾਕੀ ਖੇਡਣ ਦੇ ਬਦਲ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਸੀਨੀਅਰ ਟੀਮ ਲਈ 2017 ’ਚ ਡੈਬਿਊ ਕਰਨ ਵਾਲੀ ਉਦਿਤਾ 2018 ਏਸ਼ੀਆਈ ਖੇਡਾਂ ’ਚ ਚਾਂਦੀ ਤਮਗਾ ਜੇਤੂ ਟੀਮ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਅਜੇ ਤਕ ਕੁਝ ਸਭ ਤੋਂ ਵੱਡੇ ਖੇਡ ਆਯੋਜਨਾਂ ’ਚ ਮੌਕਾ ਮਿਲਿਆ ਹੈ। ਉਦਿਤਾ ਨੇ ਕਿਹਾ ਕਿ ਘਰੇਲੂ ਟੂਰਨਾਮੈਂਟ ’ਚ ਕੁਝ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਅਦ ਉਸ ਨੂੰ 2015 ’ਚ ਜੂਨੀਅਰ ਰਾਸ਼ਟਰੀ ਕੈਂਪ ਲਈ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਸ ਨੇ ਜੂਨੀਅਰ ਟੀਮ ਲਈ ਡੈਬਿਊ ਕੀਤਾ।