ਭਾਰਤੀ ਕਪਤਾਨਾਂ ''ਚ ਵੀ ਚੋਟੀ ''ਤੇ ਪਹੁੰਚਣ ਨੇੜੇ ਕੋਹਲੀ

12/13/2018 12:40:31 AM

ਨਵੀਂ ਦਿੱਲੀ- ਵਿਰਾਟ ਕੋਹਲੀ ਨੂੰ ਭਾਰਤ ਦਾ ਸਭ ਤੋਂ ਸਫਲ ਕਪਤਾਨ ਬਣਨ ਲਈ ਸਿਰਫ 3 ਜਿੱਤਾਂ ਦੀ ਲੋੜ ਹੈ। ਜੇਕਰ ਆਸਟਰੇਲੀਆ ਖਿਲਾਫ ਮੌਜੂਦਾ ਸੀਰੀਜ਼ ਵਿਚ ਟੀਮ ਕਲੀਨ ਸਵੀਪ ਕਰਨ 'ਚ ਸਫਲ ਰਹਿੰਦੀ ਹੈ ਤਾਂ ਉਹ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਕੇ ਕਪਤਾਨੀ 'ਚ ਵੀ ਚੋਟੀ 'ਤੇ ਪਹੁੰਚ ਜਾਵੇਗਾ। 
ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਕੋਹਲੀ ਦੀ ਅਗਵਾਈ 'ਚ ਭਾਰਤ ਨੇ ਹੁਣ ਤੱਕ 43 ਟੈਸਟ ਮੈਚ ਖੇਡੇ ਹਨ। ਇਨ੍ਹਾਂ 'ਚੋਂ 25 ਵਿਚ ਉਸ ਨੇ ਜਿੱਤ ਦਰਜ ਕੀਤੀ ਹੈ। ਬਾਕੀ ਮੈਚਾਂ 'ਚੋਂ 9 'ਚ ਭਾਰਤ ਨੂੰ ਹਾਰ ਮਿਲੀ, ਜਦਕਿ ਇੰਨੇ ਹੀ ਮੈਚ ਡਰਾਅ ਹੋਏ। ਅਜੇ ਧੋਨੀ ਭਾਰਤ ਦਾ ਸਭ ਤੋਂ ਸਫਲ ਕਪਤਾਨ ਹੈ। ਉਸ ਦੇ ਨਾਂ 60 ਮੈਚਾਂ 'ਚ 27 ਜਿੱਤਾਂ ਦਰਜ ਹਨ ਮਤਲਬ ਕੋਹਲੀ ਨੂੰ ਉਸ ਦੀ ਬਰਾਬਰੀ ਕਰਨ ਲਈ ਹੁਣ ਸਿਰਫ 2 ਜਿੱਤਾਂ ਦੀ ਲੋੜ ਹੈ।  ਕੋਹਲੀ ਸਭ ਤੋਂ ਸਫਲ ਭਾਰਤੀ ਕਪਤਾਨ ਬਣਨ ਤੋਂ ਪਹਿਲਾਂ ਵਿਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲਾ ਭਾਰਤੀ ਕਪਤਾਨ ਬਣ ਸਕਦਾ ਹੈ। ਅਜੇ ਇਹ ਰਿਕਾਰਡ ਸੌਰਭ ਗਾਂਗੁਲੀ ਦੇ ਨਾਂ ਹੈ। ਉਸ ਦੀ ਅਗਵਾਈ 'ਚ ਭਾਰਤ ਨੇ ਵਿਦੇਸ਼ੀ ਧਰਤੀ 'ਤੇ ਸਭ ਤੋਂ ਜ਼ਿਆਦਾ 11 ਟੈਸਟ ਮੈਚ ਜਿੱਤੇ ਹਨ, ਜਦਕਿ ਕੋਹਲੀ 10 ਟੈਸਟ ਮੈਚਾਂ 'ਚ ਜਿੱਤ ਨਾਲ ਇਸ ਸੂਚੀ ਵਿਚ ਦੂਸਰੇ ਸਥਾਨ 'ਤੇ ਹੈ। 
ਆਸਟਰੇਲੀਆਈ ਧਰਤੀ 'ਤੇ ਮੈਚ ਜਿੱਤਣ ਵਾਲਾ ਕੋਹਲੀ 5ਵਾਂ ਭਾਰਤੀ ਕਪਤਾਨ ਹੈ। ਬਿਸ਼ਨ ਸਿੰਘ ਬੇਦੀ ਦੀ ਅਗਵਾਈ 'ਚ ਭਾਰਤ ਨੇ ਆਸਟਰੇਲੀਆ ਵਿਚ 2 ਮੈਚ ਜਿੱਤੇ ਹਨ। ਕੋਹਲੀ ਇਹ ਰਿਕਾਰਡ ਵੀ ਆਪਣੇ ਨਾਂ ਕਰਨਾ ਚਾਹੇਗਾ। ਸੁਨੀਲ ਗਾਵਸਕਰ, ਗਾਂਗੁਲੀ ਅਤੇ ਅਨਿਲ ਕੁੰਬਲੇ ਦੀ ਕਪਤਾਨੀ 'ਚ ਵੀ ਭਾਰਤ ਨੇ ਆਸਟਰੇਲੀਆ ਵਿਚ 1-1 ਮੈਚ ਜਿੱਤਿਆ ਹੈ। ਕੋਹਲੀ ਨੂੰ ਹਾਲਾਂਕਿ ਵਿਸ਼ਵ ਦਾ ਸਭ ਤੋਂ ਸਫਲ ਕਪਤਾਨ ਬਣਨ ਲਈ ਅਜੇ ਵੀ ਲੰਮੀ ਰਾਹ ਤਹਿ ਕਰਨੀ ਪਵੇਗੀ। ਇਹ ਰਿਕਾਰਡ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਦੇ ਨਾਂ ਹੈ। ਉਸ ਨੇ 109 ਟੈਸਟਾਂ 'ਚੋਂ 53 ਮੈਚਾਂ ਵਿਚ ਜਿੱਤ ਦਰਜ ਕੀਤੀ ਹੈ।


Related News