ਇਨ੍ਹਾਂ ਭਾਰਤੀ ਗੇਂਦਬਾਜ਼ਾਂ ਨੂੰ ਆਸਟਰੇਲੀਆਈ ਪਿੱਚਾਂ ''ਤੇ ਹੋਵੇਗੀ ਪਰੇਸ਼ਾਨੀ : ਪੋਂਟਿੰਗ
Tuesday, Dec 03, 2019 - 01:31 PM (IST)

ਮੈਲਬੋਰਨ : ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਭਾਰਤੀ ਤੇਜ਼ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ ਪਰ ਕਿਹਾ ਕਿ ਸਪਿਨਰਾਂ ਨੂੰ ਆਸਟਰੇਲੀਆ ਵਿਚ ਪਰੇਸ਼ਾਨੀ ਆਵੇਗੀ ਅਤੇ ਮੇਜ਼ਬਾਨ ਗੇਂਦਬਾਜ਼ੀ ਦਾ ਪਲੜਾ ਭਾਰੀ ਹੋਵੇਗਾ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਵਰਗੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਭਾਰਤ ਟੈਸਟ ਰੈਂਕਿੰਗ 'ਚ ਚੋਟੀ 'ਤੇ ਪਹੁੰਚਿਆ ਹੈ। ਤਿੰਨਾਂ ਨੇ ਪਿਛਲੇ ਸੈਸ਼ਨ ਵਿਚ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਪੋਂਟਿੰਗ ਨੇ ਕਿਹਾ ਕਿ ਭਾਰਤ ਦੇ ਕੋਲ ਭਾਂਵੇ ਹੀ ਮਜ਼ਬੂਤ ਗੇਂਦਬਾਜ਼ੀ ਹਮਲਾ ਹੋਵੇ ਪਰ ਉਸ ਦੇ ਸਪਿਨਰ ਆਸਟਰੇਲੀਆ ਵਿਚ ਲੈਅ ਬਰਕਰਾਰ ਨਹੀਂ ਰੱਖ ਸਕਦੇ।
ਇਕ ਸਪੋਰਟਸ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿਚ ਪੋਂਟਿੰਗ ਨੇ ਕਿਹਾ, ''ਭਾਰਤ ਦੇ ਗੇਂਦਬਾਜ਼ ਸ਼ਾਨਦਾਰ ਹਨ। ਬੁਮਰਾਹ ਅਤੇ ਸ਼ਮੀ ਪਿਛਲੇ ਕੁਝ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੂੰ ਮਿਲਾ ਕੇ ਭਾਰਤ ਦੀ ਤੇਜ਼ ਗੇਂਦਬਾਜ਼ੀ ਚੰਗੀ ਹੈ ਪਰ ਉਨ੍ਹਾਂ ਦੇ ਸਪਿਨਰਾਂ ਨੂੰ ਆਸਟਰੇਲੀਆ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟਰੇਲੀਆ ਵਿਚ ਭਾਰਤੀ ਸਪਿਨਰਾਂ ਦੀ ਤੁਲਨਾ ਵਿਚ ਨਾਥਨ ਲਿਓਨ ਦਾ ਰਿਕਾਰਡ ਬਿਹਤਰ ਹੈ। ਆਸਟਰੇਲੀਆਈ ਗੇਂਦਬਾਜ਼ੀ ਬਾਕੀਆਂ ਨਾਲੋਂ ਭਿੰਨ ਹੈ ਜਿਸ ਨਾਲ ਉਹ ਦੂਜੀਆਂ ਟੀਮਾਂ ਤੋਂ ਬਿਹਤਰ ਸਾਬਤ ਹੁੰਦੀ ਹੈ।