Year Ender 2019: ਰੋਹਿਤ ਲਈ ਇਹ ਸਾਲ ਰਿਹਾ ਖਾਸ, ਵਰਲਡ ਕੱਪ 'ਚ ਲਾਏ ਸਨ ਰਿਕਾਰਡ 5 ਸੈਂਕਡ਼ੇ
Tuesday, Dec 24, 2019 - 02:22 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਧਾਕੜ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲਈ ਸਾਲ 2019 ਕਾਫੀ ਸ਼ਾਨਦਾਰ ਰਿਹਾ। 'ਹਿਟਮੈਨ' ਨਾਂ ਨਾਲ ਮਸ਼ਹੂਰ ਰੋਹਿਤ ਇਸ ਸਾਲ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕ੍ਰਿਕਟ ਦੇ ਹੋਰਾਂ ਫਾਰਮੈਟਾਂ 'ਚ ਵੀ ਰੋਹਿਤ ਦੇ ਬੱਲੇ 'ਚੋਂ ਲਗਾਤਾਰ ਦੌੜਾਂ ਨਿਕਲੀਆਂ। 32 ਸਾਲਾ ਰੋਹਿਤ ਨੇ ਆਈ. ਸੀ. ਸੀ. ਵਰਲਡ ਕੱਪ 2019 'ਚ ਰਿਕਾਰਡ 5 ਸੈਂਕੜੇ ਲਾਏ ਸਨ। ਇਸ ਤੋਂ ਬਾਅਦ ਉਸ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਦੀ 4 ਪਾਰੀਆਂ 'ਚ 3 ਸੈਂਕੜੇ ਵੀ ਲਾਏ। ਅੰਤਰਰਾਸ਼ਟਰੀ ਕ੍ਰਿਕਟ 'ਚ ਰੋਹਿਤ ਸ਼ਰਮਾ ਵਲੋਂ ਸਾਲ 2019 'ਚ ਬਣਾਏ ਗਏ ਕੁਝ ਵੱਡੇ ਰਿਕਾਰਡਜ਼ 'ਤੇ ਇਕ ਨਜ਼ਰ :
ਇਸ ਸਾਲ ਵਨ-ਡੇ 'ਚ ਬਤੌਰ ਓਪਨਰ ਵਨ-ਡੇ 'ਚ 1,490 ਦੌੜਾਂ ਬਣਾਈਆਂ
ਰੋਹਿਤ ਨੇ ਇਸ ਸਾਲ ਖੇਡੇ 28 ਵਨ-ਡੇ ਮੈਚਾਂ 'ਚ 57.30 ਦੀ ਔਸਤ ਨਾਲ ਕੁਲ 1,490 ਦੌੜਾਂ ਬਣਾਈਆਂ ਜਿਸ 'ਚ 7 ਸੈਂਕੜੇ ਅਤੇ 13 ਵਾਰ 50 ਪਲਸ ਸਕੋਰ ਕੀਤਾ। ਇਸ ਦੌਰਾਨ ਉਸ ਦੇ ਬੱਲੇ 'ਚੋਂ 146 ਚੌਕੇ ਨਿਕਲੇ। ਇਸ ਸਾਲ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਾਕੀ ਦੇ ਬੱਲੇਬਾਜ਼ਾਂ ਦੀ ਤੁਲਨਾ 'ਚ 3 ਸੈਂਕਡ਼ੇ ਵੱਧ ਲਾਏ।
ਬਤੌਰ ਓਪਨਰ ਇਕ ਟੈਸਟ 'ਚ ਦੋਵਾਂ ਪਾਰੀਆਂ 'ਚ ਸੈਂਕੜਾ ਲਾ ਕੇ ਬਣਿਆ ਪਹਿਲਾ ਬੱਲੇਬਾਜ਼
ਉਸ ਨੂੰ ਇਸ ਸਾਲ ਟੈਸਟ 'ਚ ਬਤੌਰ ਓਪਨਰ ਉਤਾਰਿਆ ਗਿਆ। ਰੋਹਿਤ 2019 'ਚ ਦੁਨੀਆ ਦਾ ਪਹਿਲਾ ਅਜਿਹਾ ਬੱਲੇਬਾਜ਼ ਬਣਿਆ ਜਿਸ ਨੇ ਟੈਸਟ ਕ੍ਰਿਕਟ 'ਚ ਬਤੌਰ ਸਲਾਮੀ ਬੱਲੇਬਾਜ਼ ਆਪਣੇ ਪਹਿਲੇ ਹੀ ਮੈਚ ਦੀਆਂ ਦੋਵਾਂ ਪਾਰੀਆਂ 'ਚ ਸੈਂਕੜੇ ਲਾਏ। ਉਸ ਨੇ ਦੱਖਣੀ ਅਫਰੀਕਾ (ਅਕਤੂਬਰ 'ਚ) ਖਿਲਾਫ ਵਿਸ਼ਾਖਾਪਟਨਮ 'ਚ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੌਰਾਨ ਇਹ ਉਪਲਬੱਧੀ ਹਾਸਲ ਕੀਤੀ। ਰੋਹਿਤ ਨੇ ਇਸ ਮੈਚ ਦੀ ਪਹਿਲੀ ਪਾਰੀ 'ਚ 176 ਦੌੜਾਂ ਜਦ ਕਿ ਦੂਜੀ ਪਾਰੀ 'ਚ 127 ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੇ ਇਸ ਸਾਲ ਦੱ. ਅਫਰੀਕਾ ਖਿਲਾਫ ਖੇਡੇ ਗਏ ਟੈਸਟ ਮੈਚ ਕੁਲ 303 ਦੌੜਾਂ ਬਣਾਈਆਂ ਜੋ ਪਹਿਲੇ ਟੈਸਟ 'ਚ ਬਤੌਰ ਓਪਨਰ ਕਿਸੇ ਬੱਲੇਬਾਜ਼ ਦਾ ਇਹ ਸਰਵਸ਼੍ਰੇਸ਼ਠ ਸਕੋਰ ਹੈ। ਉਸ ਨੇ ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਓਪਨਰ ਤੀਲਕਰਤਨੇ ਦਿਲਸ਼ਾਨ (215 ਦੌੜਾਂ ) ਨੂੰ ਪਿੱਛੇ ਛੱਡਿਆ।
ਵਰਲਡ ਕੱਪ 'ਚ ਲਗਾਤਾਰ 3 ਸੈਂਕੜੇ ਲਾ ਕੇ ਬਣਿਆ ਦੁਨੀਆ ਦਾ ਦੂਜਾ ਬੱਲੇਬਾਜ਼
ਰੋਹਿਤ ਸ਼ਰਮਾ ਸ਼੍ਰੀਲੰਕਾਈ ਦਿੱਗਜ ਕੁਮਾਰ ਸੰਗਾਕਾਰਾ ਤੋਂ ਬਾਅਦ ਵਰਲਡ ਕੱਪ 'ਚ ਲਗਾਤਾਰ 3 ਸੈਂਕੜੇ ਲਾਉਣ ਵਾਲਾ ਦੁਨੀਆ ਦਾ ਦੂਜਾ ਬੱਲੇਬਾਜ਼ ਬਣਿਆ। ਸੰਗਾਕਾਰਾ ਨੇ 2015 ਵਰਲਡ ਕੱਪ 'ਚ ਚਾਰ ਲਗਾਤਾਰ ਸੈਂਕੜੇ ਲਾਏ ਸਨ। ਕੋਹਲੀ (ਬਨਾਮ ਵੈਸਟਇੰਡੀਜ਼, 2018) ਤੋਂ ਬਾਅਦ ਵਨ-ਡੇ 'ਚ ਸੈਂਕੜੇ ਦੀ ਹੈਟ੍ਰਿਕ ਲਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਇਸ ਤੋਂ ਇਲਾਵਾ ਵਨ-ਡੇ 'ਚ ਇੰਗਲੈਂਡ ਦੀ ਜ਼ਮੀਨ 'ਤੇ ਰੋਹਿਤ ਨੇ ਲਗਾਤਾਰ 3 ਸੈਂਕੜੇ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ।
ਵਰਲਡ ਕੱਪ ਦੇ ਇਤਿਹਾਸ 'ਚ ਇਹ ਉਪਲਬੱਧੀ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼
ਰੋਹਿਤ ਨੇ ਵਰਲਡ ਕੱਪ 2019 'ਚ ਕੁਲ 5 ਸੈਂਕੜੇ ਲਾਏ ਜਿਸ 'ਚੋਂ 3 ਸੈਂਕੜੇ ਉਸ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਲਾਏ ਹਨ। ਰੋਹਿਤ ਨੇ ਵਰਲਡ ਕੱਪ 'ਚ ਟੀਚੇ ਦਾ ਪਿੱਛਾ ਕਰਦੇ ਹੋਏ 3 ਸੈਂਕੜੇ ਲਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕੀਤਾ। ਵਰਲਡ ਕੱਪ 'ਚ 5 ਸੈਂਕੜੇ ਲਾਉਣ ਵਾਲਾ ਰੋਹਿਤ ਦੁਨੀਆ ਦਾ ਪਹਿਲਾ ਬੱਲੇਬਾਜ਼ ਹੈ। ਉਸ ਨੇ ਇਸ ਦੌਰਾਨ ਕੁਮਾਰ ਸੰਗਕਾਰਾ ਦੇ 4 ਸੈਂਕੜਾ ਨੂੰ ਪਿੱਛੇ ਛੱਡਿਆ ਜਿਨ੍ਹਾਂ ਨੇ 2015 ਵਰਲਡ ਕੱਪ 'ਚ ਇਹ ਕਾਰਨਾਮਾ ਕੀਤਾ ਸੀ। ਰੋਹਿਤ ਨੇ ਵਰਲਡ ਕੱਪ 'ਚ ਹੁਣ ਤਕ ਕੁਲ 6 ਸੈਂਕੜੇ ਲਾਏ ਹਨ। ਉਸ ਨੇ ਇਸ ਦੌਰਾਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਵਰਲਡ ਕੱਪ 'ਚ ਲਾਏ ਗਏ 6 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ।
ਸਾਲ 2019 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਲਾਏ 10 ਸੈਂਕੜੇ
ਰੋਹਿਤ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਕੁਲ 10 ਸੈਂਕੜੇ ਲਗਾਏ। ਉਸ ਨੇ ਇਸ ਦੌਰਾਨ 7 ਸੈਂਕੜੇ ਵੱਖ-ਵੱਖ ਟੀਮਾਂ (ਦੱ. ਅਫਰੀਕਾ, ਪਾਕਿਸਤਾਨ, ਇੰਗਲੈਂਡ, ਬੰਗਲਾਦੇਸ਼ ਅਤੇ ਸ਼੍ਰੀਲੰਕਾ, ਆਸਟਰੇਲੀਆ, ਸ਼੍ਰੀਲੰਕਾ) ਖਿਲਾਫ ਲਾਏ ਹਨ। ਰੋਹਿਤ ਅੰਤਰਰਾਸ਼ਟਰੀ ਕ੍ਰਿਕਟ ਦੇ ਇਕ ਕੈਲੇਂਡਰ ਸਾਲ 'ਚ 7 ਵੱਖ-ਵੱਖ ਟੀਮਾਂ ਖਿਲਾਫ ਸੈਂਕੜੇ ਲਾਉਣ ਵਾਲਾ ਪਹਿਲਾ ਖਿਡਾਰੀ ਹੈ। ਰੋਹਿਤ ਨੇ ਸਾਲ 2019 'ਚ ਵਨਡੇ 'ਚ 7 ਸੈਂਕੜੇ ਲਾਏ ਹਨ। ਇਕ ਕੈਲੇਂਡਰ ਸਾਲ 'ਚ ਸੌਰਵ ਗਾਂਗੁਲੀ (07) ਅਤੇ ਆਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ (07) ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਟਾਪ 'ਤੇ ਹਨ ਜਿਨ੍ਹਾਂ ਨੇ 1998 'ਚ 9 ਸੈਂਕੜੇ ਲਾਏ ਸਨ।
ਤਿੰਨੋਂ ਫਾਰਮੈਟਾਂ 'ਚ ਸੈਂਕੜੇ ਲਾਉਣ ਵਾਲਾ ਪਹਿਲਾਂ ਭਾਰਤੀ ਓਪਨਰ ਬਣਿਆ ਰੋਹਿਤ
ਰੋਹਿਤ ਟੈਸਟ, ਵਨ-ਡੇ ਅਤੇ ਟੀ-20 'ਚ ਬਤੌਰ ਓਪਨਰ ਸੈਂਕੜਾ ਲਾਉਣ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਦੱਖਣੀ ਅਫਰੀਕਾ ਖਿਲਾਫ ਬਤੌਰ ਓਪਨਰ ਆਪਣੇ ਪਹਿਲੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ 176 ਦੌੜਾਂ ਬਣਾਈਆਂ। ਰੋਹਿਤ ਬਤੌਰ ਓਪਨਰ ਇਕ ਕੈਲੇਂਡਰ ਸਾਲ 'ਚ 10 ਸੈਂਕੜਿਆਂ ਵਾਲੀ ਪਾਰੀ ਖੇਡਣ ਵਾਲਾ ਪਹਿਲਾ ਖਿਡਾਰੀ ਹੈ। ਇਸ ਤੋਂ ਪਹਿਲਾਂ ਬਤੌਰ ਓਪਨਰ ਸਚਿਨ ਤੇਂਦੁਲਕਰ (1998), ਗ੍ਰੀਮ ਸਮਿਥ (2005) , ਅਤੇ ਡੇਵਿਡ ਵਾਰਨਰ (2016) ਨੇ 9-9 ਸੈਂਕੜੇ ਲਾਏ ਸਨ। ਇਕ ਟੈਸਟ 'ਚ 13 ਛੱਕੇ ਲਾ ਕੇ ਵਸੀਮ ਅਕਰਮ ਨੂੰ ਛੱਡਿਆ ਪਿੱਛੇ
ਰੋਹਿਤ ਨੇ ਦੱਖਣੀ ਅਫਰੀਕਾ ਖਿਲਾਫ ਵਿਸ਼ਾਖਾਪਟਨਮ ਟੈਸਟ ਮੈਚ 'ਚ 13 ਛੱਕੇ ਲਾ ਕੇ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦੇ ਸਭ ਤੋਂ ਵੱਧ 12 ਛੱਕਿਆਂ ਦਾ ਰਿਕਾਰਡ ਤੋੜਿਆ, ਜੋ ਉਨ੍ਹਾਂ ਨੇ ਜ਼ਿੰਬਾਬਵੇ ਖਿਲਾਫ 1996 'ਚ ਲਾਏ ਸਨ।
ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ ਸਭ ਤੋਂ ਵੱਧ 19 ਛੱਕੇ
ਰੋਹਿਤ ਨੇ 3 ਮੈਚਾਂ ਦੀ ਟੈਸਟ ਸੀਰੀਜ਼ 'ਚ 19 ਛੱਕੇ ਲਾਏ ਹਨ ਜੋ ਕਿਸੇ ਬੱਲੇਬਾਜ਼ ਵਲੋਂ ਸਭ ਤੋਂ ਵੱਧ ਲਾਏ ਗਏ ਛੱਕੇ ਹਨ। ਇਸ ਤੋਂ ਪਹਿਲਾਂ ਵਿੰਡੀਜ਼ ਦੇ ਨੌਜਵਾਨ ਬੱਲੇਬਾਜ਼ ਸ਼ਿਮਰੋਨ ਹਿੱਟਮਾਇਰ ਨੇ ਬੰਗਲਾਦੇਸ਼ ਖਿਲਾਫ 2018 'ਚ 2 ਮੈਚਾਂ ਦੀ ਟੈਸਟ ਸੀਰੀਜ਼ 'ਚ 15 ਛੱਕੇ ਲਾਏ ਸਨ।
ਛੱਕੇ ਲਾਉਣ ਦੇ ਮਾਮਲੇ 'ਚ ਆਪਣਾ ਹੀ ਰਿਕਾਰਡ ਤੋੜਿਆ
ਰੋਹਿਤ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 78 ਛੱਕੇ ਲਾਏ। ਇਕ ਕੈਲੇਂਡਰ ਸਾਲ 'ਚ ਇਹ ਕਿਸੇ ਬੱਲੇਬਾਜ਼ ਦਾ ਇਹ ਸਰਵਸ਼੍ਰੇਸ਼ਠ ਰਿਕਾਰਡ ਹੈ। ਸਾਲ 2018 'ਚ ਰੋਹਿਤ ਨੇ 74 ਜਦ ਕਿ 2017 'ਚ 65 ਛੱਕੇ ਲਾਏ ਸਨ।
ਰੋਹਿਤ ਨੇ ਤੋੜਿਆ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ
ਇਸ ਸਾਲ ਸਾਰਿਆਂ ਫਾਰਮੈਟਾਂ ਨੂੰ ਮਿਲਾ ਕੇ ਰੋਹਿਤ ਨੇ 10 ਸ਼ਤਕਾਂ ਦੀ ਮਦਦ ਨਾਲ 2442 ਦੌੜਾਂ ਬਣਾਈਆਂ। ਉਸ ਨੇ ਸਾਬਕਾ ਸ਼੍ਰੀਲੰਕਾਈ ਖਿਡਾਰੀ ਸਨਥ ਜੈਸੂਰੀਆ ਦਾ 22 ਸਾਲ ਪੁਰਾਣਾ ਰਿਕਾਰਡ ਤੋੜਿਆ। ਜੈਸੂਰੀਆ ਨੇ 1997 ਕੈਲੇਂਡਰ ਸਾਲ 'ਚ 2387 ਦੌੜਾਂ ਬਣਾਈਆਂ ਸਨ।
ਮਹਿੰਦਰ ਸਿੰਘ ਧੋਨੀ ਨੂੰ ਇਸ ਮਾਮਲੇ ਵਿਚ ਪਿੱਛੇ ਛੱਡਿਆ
ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਦੇਸ਼ 'ਚ ਹੁਣ ਤੱਕ ਕੁਲ 191 ਛੱਕੇ ਲਾਏ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 186 ਛੱਕੇ ਘਰੇਲੂ ਮੈਦਾਨ 'ਤੇ ਲਾਏ ਹਨ।
ਅੰਤਰਰਾਸ਼ਟਰੀ ਕ੍ਰਿਕਟ 'ਚ 400 ਜਾਂ ਇਸ ਤੋਂ ਵੱਧ ਛੱਕੇ ਲਾਉਣ ਵਾਲਾ ਪਹਿਲਾ ਭਾਰਤੀ
ਰੋਹਿਤ ਅੰਤਰਰਾਸ਼ਟਰੀ ਕ੍ਰਿਕਟ 'ਚ 400 ਜਾਂ ਇਸ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ 'ਚ ਓਵਰਆਲ ਤੀਜੇ ਜਦੋਂ ਕਿ ਭਾਰਤ ਦਾ ਪਹਿਲਾ ਬੱਲੇਬਾਜ਼ ਹੈ। ਰੋਹਿਤ ਤੋਂ ਪਹਿਲਾਂ ਇਸ ਉਪਲਬੱਧੀ ਨੂੰ ਵਿੰਡੀਜ਼ ਦੇ ਓਪਨਰ ਕ੍ਰਿਸ ਗੇਲ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਆਫਰੀਦੀ ਹਾਸਲ ਕਰ ਚੁੱਕਾ ਹੈ।
ਸ਼ੋਇਬ ਮਲਿਕ ਤੋਂ ਬਾਅਦ ਦੂਜੇ ਨੰਬਰ 'ਤੇ ਪੁੱਜੇ
ਰੋਹਿਤ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲਾ ਪੁਰਸ਼ਾਂ ਚੋਂ ਦੂਜੇ ਨੰਬਰ 'ਤੇ ਹੈ। ਉਸ ਨੇ ਹੁਣ ਤੱਕ 104 ਟੀ-20 ਮੈਚ ਖੇਡੇ ਹਨ ਜਦ ਕਿ ਪਾਕਿਸਤਾਨ ਦੇ ਆਲਰਾਊਂਡਰ ਸ਼ੋਇਬ ਮਲਿਕ ਨੇ ਹੁਣ ਤਕ 119 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸ਼ਿਰਕਤ ਕੀਤੀ ਹੈ।