WTC ਫਾਈਨਲ ’ਚ ਉਤਰਦਿਆਂ ਹੀ ਭਾਰਤ ਰਚੇਗਾ ਇਤਿਹਾਸ, ਇਸ ਲਿਸਟ ’ਚ ਸ਼ਾਮਲ ਹੋਵੇਗਾ ਨਾਂ
Monday, May 17, 2021 - 04:09 PM (IST)
ਸਪੋਰਟਸ ਡੈਸਕ : ਭਾਰਤ ਅਗਲੇ ਮਹੀਨੇ ਜਦੋਂ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ ਖੇਡਣ ਲਈ ਰੋਜ਼ ਬਾਉਲ ’ਚ ਉਤਰੇਗਾ ਤਾਂ ਇਹ ਉਸ ਦੇ ਤਕਰੀਬਨ 89 ਸਾਲ ਦੇ ਟੈਸਟ ਇਤਿਹਾਸ ’ਚ ਪਹਿਲਾ ਮੌਕਾ ਹੋਵੇਗਾ, ਜਦੋਂ ਉਹ ਕਿਸੇ ਨਿਰਪੱਖ ਸਥਾਨ ’ਤੇ ਟੈਸਟ ਮੈਚ ਖੇਡੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਟੈਸਟ ਦਰਜਾ ਹਾਸਲ ਕਰਨ ਵਾਲੇ 12 ਦੇਸ਼ ਹੀ ਅਜਿਹੇ ਹਨ, ਜਿਹੜੇ ਹੁਣ ਤਕ ਨਿਰਪੱਖ ਸਥਾਨ ’ਤੇ ਟੈਸਟ ਮੈਚ ਨਹੀਂ ਖੇਡੇ ਹਨ। ਇਨ੍ਹਾਂ ’ਚ ਭਾਰਤ ਤੋਂ ਇਲਾਵਾ ਬੰਗਲਾਦੇਸ਼ ਵੀ ਸ਼ਾਮਲ ਹੈ। ਭਾਰਤ ਹੁਣ ਜਲਦ ਹੀ ਇਸ ਲਿਸਟ ’ਚ ਸ਼ਾਮਲ ਹੋ ਜਾਵੇਗਾ। ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 18 ਜੂਨ ਤੋਂ ਇੰਗਲੈਂਡ ਦੇ ਸਾਊਥੰਪਟਨ ’ਚ ਡਬਲਯੂ. ਟੀ. ਸੀ. ਦਾ ਫਾਈਨਲ ਖੇਡਿਆ ਜਾਵੇਗਾ, ਜੋ ਦੋਵਾਂ ਦੇਸ਼ਾਂ ਲਈ ਨਿਰਪੱਖ ਸਥਾਨ ਹੈ।
ਪਾਕਿਸਤਾਨ ’ਚ ਸੁਰੱਖਿਆ ਖਤਰੇ ਨੂੰ ਦੇਖਦਿਆਂ ਇਕ ਦਹਾਕੇ ਤੋਂ ਵੀ ਵੱਧ ਸਮੇਂ ਤਕ ਵਿਦੇਸ਼ੀ ਟੀਮਾਂ ਨੇ ਉਥੋਂ ਦਾ ਦੌਰਾ ਨਹੀਂ ਕੀਤਾ। ਪਾਕਿਸਤਾਨ ਨੇ ਇਸੇ ਦਰਮਿਆਨ ਆਪਣੇ ਘਰੇਲੂ ਮੈਚਾਂ ਦਾ ਆਯੋਜਨ ਯੂ. ਏ. ਈ. ਤੇ ਸ਼੍ਰੀਲੰਕਾ ’ਚ ਕੀਤਾ। ਇਸ ਤਰ੍ਹਾਂ ਇਸ ਵਿਚਾਲੇ ਜ਼ਿਆਦਾਤਰ ਦੇਸ਼ਾਂ ਨੂੰ ਨਿਰਪੱਖ ਸਥਾਨ ’ਤੇ ਟੈਸਟ ਮੈਚ ਖੇਡਣ ਦਾ ਮੌਕਾ ਮਿਲ ਗਿਆ। ਇਸ ’ਚ ਨਿਊਜ਼ੀਲੈਂਡ ਵੀ ਸ਼ਾਮਲ ਹੈ, ਜਿਸ ਨੇ 2014 ਤੋਂ ਲੈ ਕੇ 2018 ਤਕ ਨਿਰਪੱਖ ਸਥਾਨਾਂ ’ਤੇ ਛੇ ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਉਸ ਨੂੰ 3 ਵਿਚ ਜਿੱਤ ਤੇ 2 ’ਚ ਹਾਰ ਮਿਲੀ। ਭਾਰਤ ਤੇ ਪਾਕਿਸਤਾਨ ਦਰਮਿਆਨ 2007 ਤੋਂ ਬਾਅਦ ਕੋਈ ਵੀ ਟੈਸਟ ਮੈਚ ਨਹੀਂ ਖੇਡਿਆ ਗਿਆ ਹੈ। ਭਾਰਤ ਕੋਲ ਇਸ ਤੋਂ ਪਹਿਲਾਂ 1999 ’ਚ ਨਿਰਪੱਖ ਸਥਾਨ ’ਤੇ ਮੈਚ ਖੇਡਣ ਦਾ ਮੌਕਾ ਸੀ ਪਰ ਭਾਰਤੀ ਟੀਮ ਏਸ਼ੀਆਈ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਨਹੀਂ ਪਹੁੰਚ ਸਕੀ ਸੀ, ਜੋ ਢਾਕਾ ’ਚ ਖੇਡਿਆ ਗਿਆ ਸੀ। ਪਾਕਿਸਤਾਨ ਤੇ ਸ਼੍ਰੀਲੰਕਾ ਉਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚੇ ਸਨ ਤੇ ਉਦੋਂ ਉਨ੍ਹਾਂ ਨੇ ਪਹਿਲੀ ਵਾਰ ਨਿਰਪੱਖ ਸਥਾਨ ’ਤੇ ਟੈਸਟ ਮੈਚ ਖੇਡਿਆ ਸੀ।ਉਂਝ ਨਿਰਪੱਖ ਸਥਾਨ ’ਤੇ ਪਹਿਲਾ ਟੈਸਟ ਮੈਚ ਅੱਜ ਤੋਂ 109 ਸਾਲ ਪਹਿਲਾਂ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ 27-28 ਮਈ 1912 ਨੂੰ ਮੈਨਚੈਸਟਰ ’ਚ ਖੇਡਿਆ ਗਿਆ ਸੀ। ਇਹ ਮੈਚ ਤਿਕੋਣੀ ਟੈਸਟ ਸੀਰੀਜ਼ ਦਾ ਹਿੱਸਾ ਸੀ, ਜਿਸ ’ਚ ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਮੇਜ਼ਬਾਨ ਇੰਗਲੈਂਡ ਨੇ ਹਿੱਸਾ ਲਿਆ ਸੀ। ਆਸਟਰੇਲੀਆ ਨੇ ਇਹ ਮੈਚ 2 ਦਿਨ ’ਚ ਪਾਰੀ ਤੇ 88 ਦੌੜਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ 1999 ’ਚ ਹੀ ਕੋਈ ਮੈਚ ਨਿਰਪੱਖ ਸਥਾਨ ’ਤੇ ਖੇਡਿਆ ਗਿਆ।
ਪਾਕਿਸਤਾਨ ਨੇ ਪਿਛਲੇ 20 ਸਾਲਾਂ ’ਚ ਆਪਣੇ ਜ਼ਿਆਦਾਤਰ ਘਰੇਲੂ ਮੈਚ ਮੁੱਖ ਤੌਰ ’ਤੇ ਯੂ. ਏ. ਈ. ’ਚ ਖੇਡੇ ਹਨ। ਇਹੀ ਕਾਰਨ ਹੈ ਕਿ ਨਿਰਪੱਖ ਸਥਾਨ ’ਤੇ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਉਸ ਦੇ ਨਾਂ ਹੈ। ਪਾਕਿਸਤਾਨ ਨੇ ਹੁਣ ਤਕ 39 ਮੈਚ ਨਿਰਪੱਖ ਸਥਾਨ ’ਤੇ ਖੇਡੇ ਹਨ। ਇਨ੍ਹਾਂ ’ਚੋਂ ਉਸ ਨੂੰ 19 ਵਿਚ ਜਿੱਤ ਤੇ 12 ’ਚ ਹਾਰ ਮਿਲੀ ਹੈ। ਬਾਕੀ ਡਰਾਅ ਰਹੇ ਹਨ। ਆਸਟਰੇਲੀਆ ਨੇ ਵੀ 12 ਮੈਚ ਨਿਰਪੱਖ ਸਥਾਨਾਂ ’ਤੇ ਖੇਡੇ ਹਨ। ਉਸ ਤੋਂ ਬਾਅਦ ਸ੍ਰੀਲੰਕਾ 9,ਦੱਖਣੀ ਅਫਰੀਕਾ 7 ਤੇ ਨਿਊਜ਼ੀਲੈਂਡ, ਵੈਸਟਇੰਡੀਜ਼ ਤੇ ਇੰਗਲੈਂਡ (3-3) ਦਾ ਨੰਬਰ ਆਉਂਦਾ ਹੈ। ਅਫਗਾਨਿਸਤਾਨ ਨੇ ਵੀ 4 ਮੈਚ ਨਿਰਪੱਖ ਸਥਾਨਾਂ (ਭਾਰਤ ਤੇ ਯੂ. ਏ. ਈ.) ’ਚ ਖੇਡੇ ਹਨ। ਜ਼ਿਬਾਬਵੇ ਨੇ ਅਫਗਾਨਿਸਤਾਨ ਖਿਲਾਫ਼ ਦੋਵੇਂ ਮੈਚ ਆਬੂਧਾਬੀ ’ਚ ਖੇਡੇ ਸਨ। ਆਇਰਲੈਂਡ ਨੇ ਅਫਗਾਨਿਸਤਾਨ ਖਿਲਾਫ ਆਪਣਾ ਇਕ ਮੈਚ ਦੇਹਰਾਦੂਨ ’ਚ ਖੇਡਿਆ ਹੈ।