ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ''ਚ 5ਵੇਂ ਸਥਾਨ ''ਤੇ ਬਰਕਰਾਰ
Saturday, Feb 19, 2022 - 05:16 PM (IST)
ਦੁਬਈ (ਭਾਸ਼ਾ)- ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਵੱਲੋਂ ਸ਼ਨੀਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਸੂਚੀ ਵਿਚ ਭਾਰਤ ਪੰਜਵੇਂ ਸਥਾਨ ’ਤੇ ਬਣਿਆ ਹੋਇਆ ਹੈ। ਡਬਲਯੂ.ਟੀ.ਸੀ. ਦੇ ਪਹਿਲੇ ਸੀਜ਼ਨ ਦਾ ਉਪ ਜੇਤੂ ਭਾਰਤ ਇਸ ਸਮੇਂ ਦੂਜੇ ਦੌਰ ਵਿਚ 49.07 ਫ਼ੀਸਦੀ ਅੰਕ ਜਿੱਤ ਕੇ ਅਜੇ 5ਵੇਂ ਸਥਾਨ 'ਤੇ ਚੱਲ ਰਿਹਾ ਹੈ।
ਭਾਰਤ ਨੇ ਡਬਲਯੂ.ਟੀ.ਸੀ. ਦੇ ਦੂਜੇ ਦੌਰ ਵਿਚ ਹੁਣ ਤੱਕ 9 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਚਾਰ ਵਿਚ ਉਸ ਨੇ ਜਿੱਤੇ ਦਰਜ ਕੀਤੀ ਹੈ, ਜਦਕਿ ਤਿੰਨ ਵਿਚੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਮੈਚ ਡਰਾਅ ਰਹੇ। ਭਾਰਤ ਨੇ ਸਾਰੀਆਂ ਟੀਮਾਂ ਵਿਚੋਂ ਸਭ ਤੋਂ ਵੱਧ 53 ਅੰਕ ਬਣਾਏ ਹਨ। ਭਾਰਤ ਨੂੰ ਅਗਲੇ ਮਹੀਨੇ ਆਪਣੀ ਸਥਿਤੀ ਸੁਧਾਰਨ ਦਾ ਮੌਕਾ ਮਿਲੇਗਾ, ਜਦੋਂ ਟੀਮ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ੍ਰੀਲੰਕਾ ਦੀ ਮੇਜ਼ਬਾਨੀ ਕਰੇਗੀ।
ਸ੍ਰੀਲੰਕਾ 100 ਫ਼ੀਸਦੀ ਅੰਕਾਂ ਨਾਲ ਜਿੱਤ ਦਰਜ ਕਰਕੇ ਸਭ ਤੋਂ ਅੱਗੇ ਹੈ। ਟੀਮ ਨੇ ਮੌਜੂਦਾ ਚੱਕਰ ਦੇ ਆਪਣੇ ਦੋਵੇਂ ਟੈਸਟ ਜਿੱਤੇ ਹਨ। ਇਸ ਤੋਂ ਬਾਅਦ ਆਸਟਰੇਲੀਆ ਦਾ ਨੰਬਰ ਆਉਂਦਾ ਹੈ, ਜਿਸ ਦੇ 86.66 ਫੀਸਦੀ ਅੰਕ ਹਨ। ਪਾਕਿਸਤਾਨ 75 ਫ਼ੀਸਦੀ ਅੰਕਾਂ ਨਾਲ ਤੀਜੇ, ਜਦਕਿ ਦੱਖਣੀ ਅਫਰੀਕਾ 50 ਫ਼ੀਸਦੀ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਕ੍ਰਾਈਸਟਚਰਚ 'ਚ ਸ਼ਨੀਵਾਰ ਨੂੰ ਪਹਿਲੇ ਟੈਸਟ 'ਚ ਦੱਖਣੀ ਅਫਰੀਕਾ ਨੂੰ ਪਾਰੀ ਅਤੇ 276 ਦੌੜਾਂ ਨਾਲ ਹਰਾਉਣ ਵਾਲੀ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਦੇ 12 ਅੰਕ ਹਨ ਅਤੇ ਉਹ 46.66 ਫ਼ੀਸਦੀ ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ।