ਭਾਰਤ ਨੇ ਆਸਟਰੇਲੀਆ-ਏ ਨੂੰ 1-1 ਦੀ ਬਰਾਬਰੀ ''ਤੇ ਰੋਕਿਆ

Monday, May 13, 2019 - 11:23 PM (IST)

ਭਾਰਤ ਨੇ ਆਸਟਰੇਲੀਆ-ਏ ਨੂੰ 1-1 ਦੀ ਬਰਾਬਰੀ ''ਤੇ ਰੋਕਿਆ

ਪਰਥ - ਭਾਰਤ ਦੀ ਮਰਦ ਹਾਕੀ ਟੀਮ ਨੇ ਆਸਟਰੇਲੀਆ ਦੌਰੇ 'ਤੇ ਸੋਮਵਾਰ ਨੂੰ ਖੇਡੇ ਗਏ ਆਪਣੇ ਤੀਜੇ ਮੈਚ ਵਿਚ ਆਸਟਰੇਲੀਆ-ਏ ਟੀਮ ਨੂੰ 1-1 ਦੀ ਬਰਾਬਰੀ 'ਤੇ ਰੋਕ ਦਿੱਤਾ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 56ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਮੈਚ ਦਾ ਪਹਿਲਾ ਗੋਲ ਕਿਰਨ ਅਰੁਨਸਲਾਮ ਨੇ 21ਵੇਂ ਮਿੰਟ ਵਿਚ ਕੀਤਾ। ਇਸ ਦੌਰੇ 'ਤੇ ਭਾਰਤ ਨੇ ਪੰਜ ਮੈਚ ਖੇਡਣੇ ਹਨ। ਹੁਣ ਤਕ ਭਾਰਤੀ ਟੀਮ ਅਜੇਤੂ ਹੈ। ਉਸ ਨੇ ਆਸਟਰੇਲੀਆ-ਏ ਨੂੰ ਪਿਛਲੇ ਮੈਚ ਵਿਚ 3-0 ਨਾਲ ਹਰਾਇਆ ਸੀ ਤੇ ਉਸ ਤੋਂ ਪਹਿਲਾਂ ਵੈਸਟਰਨ ਆਸਟਰੇਲੀਆ ਥੰਡਰਸਟਿਕਸ ਟੀਮ 'ਤੇ 2-0 ਦੀ ਜਿੱਤ ਨਾਲ ਦੌਰੇ ਦੀ ਸ਼ੁਰੂਆਤ ਕੀਤੀ ਸੀ। ਹੁਣ ਭਾਰਤ ਨੇ ਆਸਟਰੇਲੀਆ ਦੀ ਰਾਸ਼ਟਰੀ ਟੀਮ ਨਾਲ ਦੋ ਮੈਚ ਖੇਡਣੇ ਹਨ। ਭਾਰਤੀ ਟੀਮ ਆਪਣੇ ਨਵੇਂ ਚੁਣੇ ਕੋਚ ਗ੍ਰਾਹਮ ਰੀਡ ਦੀ ਦੇਖਰੇਖ ਵਿਚ ਪਹਿਲੀ ਵਾਰ ਖੇਡ ਰਹੀ ਹੈ। ਰੀਡ ਨੇ ਆਪਣੀ ਦੇਖਰੇਖ ਵਿਚ ਖੇਡੇ ਗਏ ਤੀਜੇ ਮੈਚ ਤੋਂ ਬਾਅਦ ਕਿਹਾ ਕਿ ਪਹਿਲੇ ਕੁਆਰਟਰ 'ਚ ਸਾਡੀ ਖੇਡ ਚੰਗੀ ਨਹੀਂ ਰਹੀ। ਦੂਜੇ, ਤੀਜੇ ਤੇ ਚੌਥੇ ਕੁਆਰਟਰ ਵਿਚ ਅਸੀਂ ਲੈਅ ਹਾਸਲ ਕਰਨ ਵਿਚ ਕਾਮਯਾਬ ਰਹੇ। ਸਾਡੇ ਲਈ ਪੈਨਲਟੀ ਕਾਰਨਰ ਨੂੰ ਗੋਲ ਵਿਚ ਨਾ ਬਦਲ ਸਕਣਾ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਵਿਚ ਸੁਧਾਰ ਕਰਨਾ ਪਵੇਗਾ ਕਿਉਂਕਿ ਸਾਡਾ ਸਾਹਮਣਾ ਮਜ਼ਬੂਤ ਟੀਮ ਨਾਲ ਹੈ। ਭਾਰਤੀ ਟੀਮ ਨੇ ਬੁੱਧਵਾਰ ਨੂੰ ਮੇਜ਼ਬਾਨ ਰਾਸ਼ਟਰੀ ਟੀਮ ਨਾਲ ਭਿੜਨਾ ਹੈ। ਇਹ ਭਾਰਤ ਲਈ ਕਾਫੀ ਅਹਿਮ ਮੈਚ ਹੋਵੇਗਾ ਕਿਉਂਕਿ ਰੀਡ ਦੀਆਂ ਤਿਆਰੀਆਂ ਦਾ ਪਤਾ ਇਸੇ ਮੈਚ ਰਾਹੀਂ ਲੱਗੇਗਾ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਰਤ ਆਪਣੀ ਜੇਤੂ ਲੈਅ ਬਣਾਈ ਰੱਖ ਸਕਦਾ ਹੈ ਜਾਂ ਨਹੀਂ।


author

Gurdeep Singh

Content Editor

Related News