ਇੰਡੀਆ ਰੈੱਡ ਨੇ ਜਿੱਤਿਆ ਦਲੀਪ ਟਰਾਫੀ ਖਿਤਾਬ
Sunday, Sep 08, 2019 - 11:20 AM (IST)

ਸਪੋਰਟਸ ਡੈਸਕ—ਵਿਦਰਭ ਦੇ ਆਫ ਸਪਿਨਰ ਅਕਸ਼ੈ ਵਾਖਰੇ ਦੀਆਂ 5 ਵਿਕਟਾਂ ਦੀ ਮਦਦ ਨਾਲ ਇੰਡੀਆ ਰੈੱਡ ਨੇ ਸ਼ਨੀਵਾਰ ਇਥੇ ਇੰਡੀਆ ਗ੍ਰੀਨ ਨੂੰ ਪਾਰੀ ਤੇ 38 ਦੌੜਾਂ ਨਾਲ ਹਰਾ ਕੇ ਦਲੀਪ ਟਰਾਫੀ ਖਿਤਾਬ ਆਪਣੀ ਝੋਲੀ 'ਚ ਪਾ ਲਿਆ। ਵਾਖਰੇ (13 ਦੌੜਾਂ ਦੇ ਕੇ 5 ਵਿਕਟਾਂ) ਨੇ ਇੰਡੀਆ ਗ੍ਰੀਨ ਦੇ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਦੇ ਜਾਲ ਵਿਚ ਉਲਝਾਇਆ ਤੇ ਟੀਮ ਚੌਥੇ ਦਿਨ ਦੂਜੀ ਪਾਰੀ ਵਿਚ 39.5 ਓਵਰਾਂ 'ਚ 119 ਦੌੜਾਂ 'ਤੇ ਸਿਮਟ ਗਈ। ਇੰਡੀਆ ਰੈੱਡ ਦੀ ਖਿਤਾਬੀ ਜਿੱਤ ਸੈਸ਼ਨ ਦੇ ਇਸ ਸ਼ੁਰੂਆਤੀ ਟੂਰਨਾਮੈਂਟ ਵਿਚ ਖੇਡੇ ਗਏ ਚਾਰ ਮੈਚਾਂ 'ਚ ਨਤੀਜਾ ਦਿਵਾਉਣ ਵਾਲੀ ਰਹੀ।
ਇਸ ਤੋਂ ਪਹਿਲਾਂ ਇੰਡੀਆ ਰੈੱਡ ਨੇ ਰਾਤ ਦੀਆਂ 6 ਵਿਕਟਾਂ 'ਤੇ 345 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਆਦਿੱਤਿਆ ਸਰਵਟੇ (38) ਤੇ ਜੈਦੇਵ ਉਨਾਦਕਤ (ਅਜੇਤੂ 32) ਦੀ ਬਦੌਲਤ ਆਪਣੀ ਬੜ੍ਹਤ 157 ਦੌੜਾਂ ਤਕ ਕਰ ਲਈ। ਅੰਕਿਤ ਰਾਜਪੂਤ ਤੇ ਸਪਿਨਰ ਧਰਮਿੰਦਰ ਸਿੰਘ ਜਡੇਜਾ 3-3 ਵਿਕਟਾਂ ਹਾਸਲ ਕਰਨ ਵਿਚ ਕਾਮਯਾਬ ਰਹੇ।