ਭਾਰਤ ਨੂੰ ਰਿਕਾਰਡ 15ਵਾਂ ਓਲੰਪਿਕ ਕੋਟਾ; ਤੋਮਰ, ਅੰਗਦ ਤੇ ਮੇਰਾਜ ਨੇ ਕੀਤਾ ਕਮਾਲ

Sunday, Nov 10, 2019 - 08:21 PM (IST)

ਭਾਰਤ ਨੂੰ ਰਿਕਾਰਡ 15ਵਾਂ ਓਲੰਪਿਕ ਕੋਟਾ; ਤੋਮਰ, ਅੰਗਦ ਤੇ ਮੇਰਾਜ ਨੇ ਕੀਤਾ ਕਮਾਲ

ਦੋਹਾ- ਅੰਗਦ ਵੀਰ ਸਿੰਘ ਬਾਜਵਾ ਤੇ ਮੇਰਾਜ ਅਹਿਮਦ ਨੇ ਪੁਰਸ਼ਾਂ ਦੀ ਸਕੀਟ ਪ੍ਰਤੀਯੋਗਿਤਾ ਵਿਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਰਹਿੰਦਿਆਂ, ਜਦਕਿ ਨੌਜਵਾਨ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੀ 50 ਮੀਟਰ ਥ੍ਰੀ ਪੁਜ਼ੀਸ਼ਨ ਵਿਚ ਕਾਂਸੀ ਤਮਗਾ ਜਿੱਤ ਕੇ ਐਤਵਾਰ ਨੂੰ ਇੱਥੇ 14ਵੀਂ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ 3 ਓਲੰਪਿਕ ਕੋਟੇ ਦਿਵਾਏ। ਇਨ੍ਹਾਂ ਨਿਸ਼ਾਨੇਬਾਜ਼ਾਂ ਦੇ ਤਮਗਿਆਂ ਨਾਲ ਟੋਕੀਓ ਓਲੰਪਿਕ 2020 ਲਈ ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਤਕ ਰਿਕਾਰਡ 15 ਕੋਟਾ ਸਥਾਨ ਹਾਸਲ ਕਰ ਲਏ ਹਨ। ਲੰਡਨ ਓਲੰਪਿਕ 2012 ਵਿਚ ਭਾਰਤ ਦੇ 11 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ, ਜਦਕਿ ਰੀਓ ਓਲੰਪਿਕ 2016 ਵਿਚ 12 ਭਾਰਤੀ ਨਿਸ਼ਾਨੇਬਾਜ਼ ਉਤਰੇ ਸਨ।
ਇੱਥੇ ਲੁਸੈਨ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਸਕੀਟ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਦੋਵੇਂ ਭਾਰਤੀ ਖਿਡਾਰੀ 56 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਸਨ, ਜਿਸ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟਆਫ ਵਿਚ ਹੋਇਆ। ਅੰਗਦ ਨੇ ਸ਼ੂਟਆਫ ਵਿਚ ਮੇਰਾਜ ਨੂੰ 6-5 ਨਾਲ ਪਛਾੜ ਦਿੱਤਾ।
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਖਾਰਗੌਨ ਜ਼ਿਲੇ ਦੇ ਰਤਨਪੁਰ ਪਿੰਡ ਦੇ ਇਸ 18 ਸਾਲਾ ਨੌਜਵਾਨ ਨਿਸ਼ਾਨੇਬਾਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ। ਐਸ਼ਵਰਿਆ ਦੀ ਸੀਨੀਅਰ ਪੱਧਰ 'ਤੇ ਇਹ ਪਹਿਲੀ ਵੱਡੀ ਪ੍ਰਤੀਯੋਗਿਤਾ ਸੀ। ਉਹ ਇਸ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤ ਚੁੱਕਾ ਹੈ, ਜਿਸ ਵਿਚ ਉਸ ਨੇ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ ਸੀ। ਉਹ ਏਸ਼ੀਆ ਵਿਚ ਜੂਨੀਅਰ ਪੱਧਰ 'ਤੇ ਵੀ ਜਿੱਤ ਚੁੱਕਾ ਹੈ, ਜਿੱਥੇ ਉਸ ਨੇ ਸੰਜੀਵ ਰਾਜਪੂਤ ਵਰਗੇ ਤਜਰਬੇਕਾਰ ਨਿਸ਼ਾਨੇਬਾਜ਼ ਨੂੰ ਹਰਾਇਆ ਸੀ। ਐਸ਼ਵਰਿਆ ਨੇ 120 ਸ਼ਾਟ ਦੇ ਕੁਆਲੀਫਿਕੇਸ਼ਨ ਵਿਚ 1168 ਦਾ ਸਕੋਰ ਕੀਤਾ ਤੇ 8 ਨਿਸ਼ਾਨੇਬਾਜ਼ਾਂ ਵਿਚ ਰਹਿੰਦੇ ਹੋਏ 45 ਸ਼ਾਟ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ 4491 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ। ਵਿਅਕਤੀਗਤ ਕਾਂਸੀ ਦੇ ਨਾਲ ਐਸ਼ਵਰਿਆ ਨੇ ਚੈਨ ਸਿੰਘ (1155) ਤੇ ਪਾਰੁਲ ਕੁਮਾਰ (1154) ਨਾਲ ਟੀਮ ਪ੍ਰਤੀਯੋਗਿਤਾ ਦਾ ਵੀ ਕਾਂਸੀ ਤਮਗਾ ਜਿੱਤਿਆ।


author

Gurdeep Singh

Content Editor

Related News