ਭਾਰਤ ਨੂੰ ਅਗਲੇ ਸਾਲ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਸੁਧਾਰ ਦੀ ਲੋੜ : ਅਭਿਸ਼ੇਕ
Saturday, Aug 13, 2022 - 06:44 PM (IST)
 
            
            ਨਵੀਂ ਦਿੱਲੀ– ਹਾਲ ਹੀ ਵਿਚ ਖਤਮ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਵਾਲੇ ਨੌਜਵਾਨ ਫਾਰਵਰਡ ਅਭਿਸ਼ੇਕ ਨੇ ਕਿਹਾ ਕਿ ਭਾਰਤੀ ਟੀਮ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਸਰਵਸ੍ਰੇਸ਼ਠ ਫਾਰਮ ਬਰਕਰਾਰ ਰੱਖਣਾ ਹੈ। ਬਰਮਿੰਘਮ ਵਿਚ 6 ਮੈਚਾਂ ਵਿਚ 2 ਗੋਲ ਕਰਨ ਵਾਲੇ ਅਭਿਸ਼ੇਕ ਨੇ ਕਿਹਾ ਕਿ ਅਸੀਂ ਸਾਰੇ ਅਸਲ ਵਿਚ ਅਭਿਆਸ ਵਿਚ ਵਾਪਸੀ ਕਰਨ ਅਤੇ ਆਗਾਮੀ ਪ੍ਰਤੀਯੋਗਿਤਾਵਾਂ ਲਈ ਖੁਦ ਨੂੰ ਤਿਆਰ ਕਰਨ ਲਈ ਉਤਸ਼ਾਹਿਤ ਹਾਂ। ਉਸ ਨੇ ਕਿਹਾ, ‘‘ਅਸੀਂ ਸਾਰੇ ਇਕ ਟੀਮ ਦੇ ਰੂਪ ਵਿਚ ਸੁਧਾਰ ਕਰਨਾ ਚਾਹੁੰਦੇ ਹਾਂ।’’
ਰਾਸ਼ਟਰਮੰਡਲ ਖੇਡਾਂ ਵਿਚ ਇਹ 22 ਸਾਲਾ ਖਿਡਾਰੀ ਸਾਰੇ ਛੇ ਮੈਚਾਂ ਵਿਚ ਖੇਡਿਆ ਸੀ ਤੇ ਉਸ ਨੇ ਭਾਰਤ ਨੂੰ ਚਾਂਦੀ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਟੀਮ ਫਾਈਨਲ ਵਿਚ ਆਸਟਰੇਲੀਆ ਹੱਥੋਂ ਹਾਰ ਗਈ ਸੀ। ਅਭਿਸ਼ੇਕ ਨੇ ਕਿਹਾ, ‘‘ਇੰਨੇ ਵੱਡੇ ਮੰਚ ’ਤੇ ਚੰਗਾ ਪ੍ਰਦਰਸ਼ਨ ਕਰਨਾ ਮੇਰੇ ਲਈ ਯਾਦਗਾਰ ਤਜਰਬਾ ਰਿਹਾ। ਇਸ ਟੂਰਨਾਮੈਂਟ ਦੌਰਾਨ ਮੈਨੂੰ ਆਪਣੀ ਖੇਡ ਦੇ ਬਾਰੇ ਵਿਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੇ ਪਤਾ ਲੱਗਾ ਕਿਹੜੇ ਖੇਤਰਾਂ ਵਿਚ ਮੈਨੂੰ ਸੁਧਾਰ ਕਰਨ ਦੀ ਲੋੜ ਹੈ।’’ ਉਸ ਨੇ ਕਿਹਾ, ‘‘ਅਸੀਂ ਪੂਰੀ ਪ੍ਰਤੀਯੋਗਿਤਾ ਵਿਚ ਇਕ ਟੀਮ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਜਦਕਿ ਸਾਡਾ ਸਾਹਮਣਾ ਸਖਤ ਵਿਰੋਧੀਆਂ ਨਾਲ ਸੀ। ਹਰੇਕ ਮੈਚ ਸਾਡੇ ਲਈ ਇਕ ਚੁਣੌਤੀ ਸੀ ਤੇ ਅਸੀਂ ਇਸਦਾ ਡਟ ਕੇ ਸਾਹਮਣਾ ਕੀਤਾ। ਆਸਟਰੇਲੀਆ ਵਿਰੁੱਧ ਫਾਈਨਲ ਵਿਚ ਭਾਵੇਂ ਹੀ ਸਾਨੂੰ ਜਿੱਤ ਨਹੀਂ ਮਿਲੀ ਪਰ ਅਸੀਂ ਉਸ ਤੋਂ ਕਾਫੀ ਕੁਝ ਸਿੱਖਿਆ। ਅਸੀਂ ਇਨ੍ਹਾਂ ਖੇਤਰਾਂ ਵਿਚ ਅਭਿਆਸ ਦੌਰਾਨ ਸੁਧਾਰ ਕਰਾਂਗੇ।’’ਇਸ ਫਾਰਵਰਡ ਨੇ ਮੁੱਖ ਕੋਚ ਗ੍ਰਾਹਮ ਰੀਡ ਦਾ ਵੀ ਧੰਨਵਾਦ ਕੀਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            