ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਜਿੱਤ ਕੇ ਭਾਰਤ ਨੇ ਕੀਤਾ ਇਹ ਖ਼ਾਸ ਰਿਕਾਰਡ ਆਪਣੇ ਨਾਂ
Wednesday, Aug 02, 2023 - 02:46 PM (IST)
ਸਪੋਰਟਸ ਡੈਸਕ— ਭਾਰਤ ਨੇ ਵੈਸਟਇੰਡੀਜ਼ ਖਿਲਾਫ ਆਪਣਾ ਦਬਦਬਾ ਜਾਰੀ ਰੱਖਦੇ ਹੋਏ ਉਸ ਦੇ ਖਿਲਾਫ ਲਗਾਤਾਰ ਸਭ ਤੋਂ ਜ਼ਿਆਦਾ ਦੋ-ਪੱਖੀ ਵਨਡੇ ਸੀਰੀਜ਼ ਜਿੱਤਣ ਵਾਲੀ ਟੀਮ ਦੇ ਰੂਪ 'ਚ ਆਪਣੀ ਬੜ੍ਹਤ ਨੂੰ ਵਧਾਉਂਦੇ ਹੋਏ ਇਹ ਖਾਸ ਰਿਕਾਰਡ ਆਪਣੇ ਨਾਂ ਕੀਤਾ ਹੈ। ਭਾਰਤ ਦੀ 200 ਦੌੜਾਂ ਦੀ ਵਿਸ਼ਾਲ ਜਿੱਤ ਨੇ ਵਿੰਡੀਜ਼ ਖਿਲਾਫ ਲਗਾਤਾਰ 13ਵੀਂ ਵਨਡੇ ਸੀਰੀਜ਼ ਜਿੱਤ ਲਈ ਹੈ। ਭਾਰਤ ਨੂੰ ਆਖਰੀ ਵਾਰ 17 ਸਾਲ ਪਹਿਲਾਂ ਕੈਰੇਬੀਅਨ ਟੀਮ ਦੇ ਹੱਥੋਂ ਵਨਡੇ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ 2006 ਵਿੱਚ ਵੈਸਟਇੰਡੀਜ਼ ਟੀਮ ਦੇ ਖਿਲਾਫ ਇੱਕ ਰੋਜ਼ਾ ਲੜੀ 4-1 ਨਾਲ ਹਾਰੀ ਸੀ ਜਿਸਦੀ ਅਗਵਾਈ ਮਹਾਨ ਕ੍ਰਿਕਟਰ ਬ੍ਰਾਇਨ ਲਾਰਾ ਨੇ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਓਲੰਪਿਕ ਤੇ ਹੋਰਨਾਂ ਗੇਮਸ ਦੇ ਮੈਡਲ ਜੇਤੂਆਂ ਨੂੰ ਸਰਕਾਰ ਦੇਵੇਗੀ ਪੈਨਸ਼ਨ
ਭਾਰਤ ਨੇ ਸੀਰੀਜ਼ ਦੀ ਸ਼ੁਰੂਆਤ 5 ਵਿਕਟਾਂ ਦੀ ਜਿੱਤ ਨਾਲ ਕੀਤੀ ਪਰ ਫਿਰ ਵੈਸਟਇੰਡੀਜ਼ ਨੇ ਦੂਜਾ ਮੈਚ ਆਪਣੇ ਨਾਂ ਕਰ ਲਿਆ। ਸੀਰੀਜ਼ ਦੇ ਅਹਿਮ ਮੋੜ 'ਤੇ ਪਹੁੰਚਣ ਤੋਂ ਬਾਅਦ, ਭਾਰਤ ਨੇ ਤੀਜੇ ਮੈਚ 'ਚ 200 ਦੌੜਾਂ ਦੀ ਵੱਡੀ ਜਿੱਤ ਨਾਲ ਵਨਡੇ ਸੀਰੀਜ਼ ਆਪਣੇ ਨਾਂ ਕੀਤੀ। ਵੈਸਟਇੰਡੀਜ਼ ਤੋਂ ਇਲਾਵਾ ਭਾਰਤ ਨੇ ਸ਼੍ਰੀਲੰਕਾ ਖਿਲਾਫ ਲਗਾਤਾਰ 10 ਵਨਡੇ ਸੀਰੀਜ਼ ਜਿੱਤੀਆਂ ਹਨ। ਭਾਰਤ ਤੋਂ ਬਾਅਦ, ਉਨ੍ਹਾਂ ਦੇ ਕੱਟੜ ਵਿਰੋਧੀ ਪਾਕਿਸਤਾਨ ਨੇ ਜ਼ਿੰਬਾਬਵੇ ਖਿਲਾਫ ਲਗਾਤਾਰ ਦੂਜੀ ਸਭ ਤੋਂ ਵੱਧ ਵਨਡੇ ਸੀਰੀਜ਼ ਜਿੱਤੀ ਹੈ। ਪਾਕਿਸਤਾਨ ਨੇ ਜ਼ਿੰਬਾਬਵੇ ਖਿਲਾਫ ਲਗਾਤਾਰ 11 ਵਨਡੇ ਸੀਰੀਜ਼ ਜਿੱਤੀ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਲਗਾਤਾਰ 10 ਵਨਡੇ ਸੀਰੀਜ਼ ਵੀ ਜਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਆਖਰੀ ਵਨਡੇ 'ਚ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪੰਜ ਵਿਕਟਾਂ 'ਤੇ 351 ਦੌੜਾਂ ਬਣਾ ਕੇ ਹਮੇਸ਼ਾ ਅੱਗੇ ਰਿਹਾ। ਸ਼ੁਭਮਨ ਗਿੱਲ ਨੇ 92 ਗੇਂਦਾਂ 'ਤੇ 85 ਦੌੜਾਂ ਬਣਾਈਆਂ ਅਤੇ ਫਾਰਮ 'ਚ ਚੱਲ ਰਹੇ ਈਸ਼ਾਨ ਕਿਸ਼ਨ (64 ਗੇਂਦਾਂ 'ਤੇ 77 ਦੌੜਾਂ) ਦੇ ਨਾਲ ਮਿਲ ਕੇ ਵੱਡੇ ਸਕੋਰ ਲਈ ਮੁਕਾਮ ਤੈਅ ਕੀਤਾ। ਸੰਜੂ ਸੈਮਸਨ (41 ਗੇਂਦਾਂ 'ਤੇ 51) ਨੇ ਰਿਜ਼ਰਵ ਮੱਧ ਕ੍ਰਮ ਦੇ ਬੱਲੇਬਾਜ਼ ਵਜੋਂ ਚੁਣੇ ਜਾਣ ਦਾ ਫਾਇਦਾ ਉਠਾਇਆ, ਜਦਕਿ ਹਾਰਦਿਕ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ ਪੰਜ ਛੱਕੇ ਅਤੇ ਚਾਰ ਚੌਕੇ ਲਗਾਏ। ਟੀਚੇ ਦਾ ਪਿੱਛਾ ਕਰਦੇ ਹੋਏ ਮੁਕੇਸ਼ ਕੁਮਾਰ ਦੀਆਂ ਤਿੰਨ ਵਿਕਟਾਂ ਅਤੇ ਪਾਵਰਪਲੇ 'ਚ ਚੰਗੀ ਤੇਜ਼ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਕਿਉਂਕਿ ਮੇਜ਼ਬਾਨ ਟੀਮ ਸਿਰਫ਼ 35.3 ਓਵਰਾਂ 'ਚ 151 ਦੌੜਾਂ 'ਤੇ ਹੀ ਢੇਰ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8