ਟੀਮ ਇੰਡੀਆ ਦੇ ਸਾਹਮਣੇ ਵਿੰਡੀਜ਼ ਦੀ ਚੁਣੌਤੀ ! ਅੱਜ ਖੇਡਿਆ ਜਾਵੇਗਾ ਲੜੀ ਦਾ ਪਹਿਲਾ ਵਨਡੇ ਮੈਚ

Sunday, Sep 27, 2026 - 11:05 AM (IST)

ਟੀਮ ਇੰਡੀਆ ਦੇ ਸਾਹਮਣੇ ਵਿੰਡੀਜ਼ ਦੀ ਚੁਣੌਤੀ ! ਅੱਜ ਖੇਡਿਆ ਜਾਵੇਗਾ ਲੜੀ ਦਾ ਪਹਿਲਾ ਵਨਡੇ ਮੈਚ

ਸਪੋਰਟਸ ਡੈਸਕ- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੈਸਟਇੰਡੀਜ਼ ਖ਼ਿਲਾਫ਼ ਅੱਜ ਤੋਂ ਸ਼ੁਰੂ ਹੋਣ ਵਾਲੀ 3 ਵਨ ਡੇ ਮੈਚਾਂ ਦੀ ਲੜੀ ’ਚ ਫਿਰ ਤੋਂ ਖਿੱਚ ਦਾ ਕੇਂਦਰ ਹੋਣਗੇ, ਜਦਕਿ ਭਾਰਤੀ ਟੀਮ 2027 ’ਚ ਹੋਣ ਵਾਲੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦੇਣਾ ਚਾਹੇਗੀ। ਇਸ ਲੜੀ ਦਾ ਪਹਿਲਾ ਮੁਕਾਬਲਾ ਅੱਜ ਤਿਰੁਵਾਨੰਤਪੁਰਮ 'ਚ ਖੇਡਿਆ ਜਾਵੇਗਾ।

ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ 14 ਤੋਂ 20 ਵਨ ਡੇ ਮੈਚ ਖੇਡਣੇ ਹਨ। ਭਾਰਤੀ ਟੀਮ ਲਈ ਇਹ ਮੈਚ ਕਾਫੀ ਮਹੱਤਵਪੂਰਨ ਹਨ ਕਿਉਂਕਿ ਇਸ ਨਾਲ ਉਸ ਨੂੰ ਅਫਰੀਕੀ ਮਹਾਂਦੀਪ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਆਪਣੀ ਮਜ਼ਬੂਤ 15 ਮੈਂਬਰੀ ਟੀਮ ਤਿਆਰ ਕਰਨ ’ਚ ਮਦਦ ਮਿਲੇਗੀ।

ਭਾਰਤ ਨੂੰ ਇਹ ਤੈਅ ਕਰਨਾ ਪਵੇਗਾ ਕਿ ਯਸ਼ਸਵੀ ਜਾਇਸਵਾਲ ਵਰਗੇ ਖਿਡਾਰੀ ਨੂੰ 50 ਓਵਰਾਂ ਦੇ ਫਾਰਮੈੱਟ ’ਚ ਬਰਕਰਾਰ ਰੱਖਿਆ ਜਾਵੇ ਜਾਂ ਨਹੀਂ। ਕੋਹਲੀ ਦੇ ਜ਼ਖ਼ਮੀ ਹੋਣ ਕਾਰਨ ਜਾਇਸਵਾਲ ਨੇ ਅਫਗਾਨਿਸਤਾਨ ਖ਼ਿਲਾਫ਼ 3 ਮੈਚ ਖੇਡੇ ਸਨ। ਇਸ ਵਜ੍ਹਾ ਨਾਲ ਕਪਤਾਨ ਸ਼ੁਭਮਨ ਗਿੱਲ ਨੂੰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨੀ ਪਈ ਪਰ ਇੰਗਲੈਂਡ ਖ਼ਿਲਾਫ਼ ਵਨ ਡੇ ਲੜੀ ’ਚ ਕੋਹਲੀ ਦੀ ਵਾਪਸੀ ਤੋਂ ਬਾਅਦ ਗਿੱਲ ਨੇ ਫਿਰ ਤੋਂ ਪਾਰੀ ਦਾ ਆਗਾਜ਼ ਕੀਤਾ। ਇਸ ਲੜੀ ਲਈ ਜਾਇਸਵਾਲ ਨੂੰ ਟੀਮ ’ਚ ਸ਼ਾਮਲ ਤੱਕ ਨਹੀਂ ਕੀਤਾ ਗਿਆ। ਹੁਣ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੇ ਏਸ਼ੀਆਈ ਖੇਡਾਂ ਲਈ ਜਾਪਾਨ ’ਚ ਹੋਣ ਨਾਲ ਟੀਮ ’ਚ ਵਾਪਸੀ ਕੀਤੀ ਹੈ ਪਰ ਟੀਮ ਮੈਨੇਜਮੈਂਟ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰੇਗਾ ਕਿ ਕੀ ਜਾਇਸਵਾਲ ਨੂੰ ਪਹਿਲੇ ਮੈਚ ਤੋਂ ਹੀ ਰੋਹਿਤ ਦੇ ਨਾਲ ਫਿਰ ਤੋਂ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਦਿੱਤਾ ਜਾਵੇ ਜਾਂ ਰੋਹਿਤ-ਗਿੱਲ ਦੀ ਜੋੜੀ ਨੂੰ ਹੀ ਬਰਕਰਾਰ ਰੱਖਿਆ ਜਾਵੇ।

ਰੋਹਿਤ ਨੇ ਇੰਗਲੈਂਡ ਖ਼ਿਲਾਫ਼ ਲਾਰਡਸ ’ਚ ਤੂਫਾਨੀ ਸੈਂਕੜਾ ਲਾ ਕੇ ਆਪਣੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ’ਤੇ ਕੁਝ ਸਮੇਂ ਲਈ ਰੋਕ ਲਾ ਦਿੱਤੀ ਸੀ। ਰੋਹਿਤ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗਾ ਕਿ ਉਹ ਆਪਣੀ ਲੈਅ ਬਣਾਈ ਰੱਖੇ ਤੇ ਕੁਝ ਹੋਰ ਵੱਡੀਆਂ ਪਾਰੀਆਂ ਖੇਡੇ, ਕਿਉਂਕਿ ਉਸ ਨੂੰ ਪਤਾ ਹੋਵੇਗਾ ਕਿ ਅਸਫਲ ਹੋਣ ’ਤੇ ਉਸ ’ਤੇ ਆਲੋਚਕ ਹਾਵੀ ਹੋ ਜਾਣਗੇ।

ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold

ਇਸ ਦੇ ਉਲਟ ਕੋਹਲੀ ਦੀ ਸਥਿਤੀ ਜ਼ਿਆਦਾ ਮਜ਼ਬੂਤ ਹੈ। ਉਹ ਸਚਿਨ ਤੇਂਦੁਲਕਰ ਤੋਂ ਬਾਅਦ ਵਨ ਡੇ ’ਚ 15,000 ਦੌੜਾਂ ਬਣਾਉਣ ਵਾਲਾ ਦੂਜੇ ਬੱਲੇਬਾਜ਼ ਬਣਨ ਤੋਂ ਸਿਰਫ਼ 51 ਦੌੜਾਂ ਪਿੱਛੇ ਹੈ। ਕੋਹਲੀ ਤੇ ਰੋਹਿਤ ਦੋਵਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਨੈੱਟ ’ਤੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਨਾਲ ਉਨ੍ਹਾਂ ਦੀ ਕ੍ਰਿਕਟ ਪ੍ਰਤੀ ਲਾਲਸਾ ਦਾ ਪਤਾ ਚੱਲਦਾ ਹੈ।

ਨੌਜਵਾਨ ਖਿਡਾਰੀਆਂ ’ਚ ਗੁਰਨੂਰ ਬਰਾੜ ਤੇ ਆਕਿਬ ਨਬੀ ਵਰਗੇ ਤੇਜ਼ ਗੇਂਦਬਾਜ਼ ਵੀ ਸ਼ਾਮਲ ਹਨ ਜਿਨ੍ਹਾਂ ਨੇ ਹਾਲ ਹੀ ’ਚ ਵੱਖ-ਵੱਖ ਮੈਚਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ ਪਰ ਇਨ੍ਹਾਂ ਦੋਵਾਂ ਕੋਲ ਲੋੜੀਂਦਾ ਤਜਰਬਾ ਨਹੀਂ ਹੈ। ਹਾਰਦਿਕ ਪੰਡਯਾ ਜ਼ਖ਼ਮੀ ਹੋਣ ਕਾਰਨ ਇਸ ਲੜੀ ਤੋਂ ਬਾਹਰ ਹੋ ਗਿਆ ਹੈ ਤੇ ਅਜਿਹੇ ’ਚ ਨਿਤੀਸ਼ ਕੁਮਾਰ ਰੈੱਡੀ ਦੀ ਜ਼ਿੰਮੇਵਾਰੀ ਵਧ ਗਈ ਹੈ। ਉਸ ਨੇ ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਸ ਦੀ ਗੇਂਦਬਾਜ਼ੀ ’ਚ ਸੁਧਾਰ ਦੀ ਗੁੰਜਾਇਸ਼ ਹੈ। ਇਸ 23 ਸਾਲਾ ਆਲਰਾਊਂਡਰ ਨੇ 6 ਵਨ ਡੇ ਮੈਚਾਂ ’ਚ ਕਿਸੇ ਵੀ ਮੈਚ ’ਚ ਅਜੇ ਤੱਕ 10 ਓਵਰ ਵੀ ਨਹੀਂ ਸੁੱਟੇ ਤੇ ਹੋ ਸਕਦਾ ਹੈ ਕਿ ਇਸ ਲੜੀ ’ਚ ਉਸ ਨੂੰ ਪੂਰਾ ਸਪੈੱਲ ਕਰਨ ਦਾ ਮੌਕਾ ਮਿਲ ਜਾਵੇ।

ਦੂਜੇ ਪਾਸੇ, ਜੇਕਰ ਵੈਸਟਇੰਡੀਜ਼ ਦੀ ਗੱਲ ਕਰੀਏ ਤਾਂ ਉਸ ਨੂੰ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਖ਼ਿਲਾਫ਼ ਲਗਾਤਾਰ ਘਰੇਲੂ ਵਨ ਡੇ ਲੜੀ ’ਚ ਨੇੜਲੇ ਫਰਕ ਨਾਲ ਹਾਰ ਦੀ ਨਿਰਾਸ਼ਾ ਨੂੰ ਭੁੱਲਣਾ ਹੋਵੇਗਾ। ਉਸ ਦੇ ਖਿਡਾਰੀਆਂ ਦੀ ਮੈਚ ਫੀਸ ’ਚ ਹਾਲ ਹੀ ’ਚ 25 ਫੀਸਦੀ ਦੀ ਕਟੌਤੀ ਕੀਤੀ ਗਈ ਸੀ ਤੇ ਇਹ ਦੇਖਣਾ ਬਾਕੀ ਹੈ ਕਿ ਇਸ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਪੈਂਦਾ ਹੈ ਜਾਂ ਨਹੀਂ।

ਟੀਮਾਂ ਇਸ ਤਰ੍ਹਾਂ ਹਨ- 
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, ਕੇ. ਐੱਲ. ਰਾਹੁਲ (ਉਪ ਕਪਤਾਨ), ਧਰੁਵ ਜੁਰੈਲ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਣਾ, ਗੁਰਨੂਰ ਬਰਾੜ, ਮੁਹੰਮਦ ਸਿਰਾਜ, ਆਕਿਬ ਨਬੀ, ਯਸ਼ਸਵੀ ਜਾਇਸਵਾਲ, ਨਮਨ ਧੀਰ।

ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ), ਜੁਏਲ ਐਂਡ੍ਰਿਊ, ਜੌਨ ਕੈਂਪਬੈੱਲ, ਕੀਸੀ ਕਾਰਟੀ, ਰੋਸਟਨ ਚੇਸ, ਮੈਥਿਊ ਫੋਰਡੇ, ਜਸਟਿਨ ਗ੍ਰੀਵਜ਼, ਆਮਿਰ ਜਾਂਗੂ, ਅਲਜ਼ਾਰੀ ਜੋਸਫ, ਸ਼ਮਰ ਜੋਸਫ, ਵਿਟੈੱਲ ਲਾਜ਼, ਗੁਡਾਕੇਸ਼ ਮੋਤੀ, ਕੀਮੋ ਪੌਲ, ਸ਼ੇਰਫੇਨ ਰਦਰਫੋਰਡ, ਜੇਡਨ ਸੀਲਸ।

ਇਹ ਵੀ ਪੜ੍ਹੋ- 'ਇਹ ਮੇਰਾ ਆਖ਼ਰੀ..!' ਵਨਡੇ ਸੀਰੀਜ਼ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News