ਭਾਰਤ ਨੇ ਇੰਗਲੈਂਡ ਦੀਆਂ ਕਮਜ਼ੋਰੀਆਂ ਲਿਆਂਦੀਆਂ ਸਾਹਮਣੇ : ਵਾਨ
Tuesday, Sep 07, 2021 - 05:41 PM (IST)
ਲੰਡਨ (ਭਾਸ਼ਾ)-ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਭਾਰਤ ਨੇ ਚੌਥੇ ਟੈਸਟ ਦੀ ਸ਼ਾਨਦਾਰ ਜਿੱਤ ਦੌਰਾਨ ਇੰਗਲੈਂਡ ਦੀਆਂ ਸਾਰੇ ਵਿਭਾਗਾਂ ’ਚ ਕਮਜ਼ੋਰੀਆਂ ਸਾਹਮਣੇ ਲਿਆਂਦੀਆਂ ਹਨ। ਭਾਰਤ ਓਵਲ ’ਚ ਖੇਡੇ ਗਏ ਇਸ ਮੈਚ ’ਚ ਭਾਰਤ ਇਕ ਸਮੇਂ ਬੈਕਫੁੱਟ ’ਤੇ ਸੀ ਪਰ ਆਖਿਰਕਾਰ ਉਨ੍ਹਾਂ ਸੋਮਵਾਰ 157 ਦੌੜਾਂ ਨਾਲ ਜਿੱਤ ਦਰਜ ਕਰ ਕੇ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ। ਵਾਨ ਨੂੰ ਇੰਗਲੈਂਡ ਟੀਮ ਦੇ ਹਰ ਵਿਭਾਗ ’ਚ ਕਮੀ ਨਜ਼ਰ ਆਈ। ਉਨ੍ਹਾਂ ਨੇ ‘ਦਿ ਟੈਲੀਗ੍ਰਾਫ’ ਵਿਚ ਆਪਣੇ ਕਾਲਮ ’ਚ ਲਿਖਿਆ, “ਇੰਗਲੈਂਡ ਟੈਸਟ ਟੀਮ ਦੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ’ਚ ਕਮਜ਼ੋਰੀਆਂ ਇਸ ਹਫ਼ਤੇ ਸਾਹਮਣੇ ਆਈਆਂ । ਉਸ ਨੂੰ ਇੱਕ ਮਜ਼ਬੂਤ ਵਿਰੋਧੀ ਵੱਲੋਂ ਹਰਾਇਆ ਗਿਆ। ਇੱਕ ਅਜਿਹਾ ਵਿਰੋਧੀ, ਜੋ ਜਾਣਦਾ ਹੈ ਕਿ ਮਹੱਤਵਪੂਰਨ ਪਲਾਂ ’ਚ ਆਪਣਾ ਪੱਲੜਾ ਕਿਵੇਂ ਭਾਰੀ ਰੱਖਣਾ ਹੈ। ਵਾਨ ਨੇ ਕਿਹਾ, ‘‘ਇਸ ਦੀ ਸ਼ੁਰੂਆਤ ਪਹਿਲੇ ਦਿਨ ਕੈਚ ਲੈਣ ’ਚ ਉਨ੍ਹਾਂ ਦੀ ਕਮਜ਼ੋਰੀ ਨਾਲ ਹੋਈ, ਫਿਰ ਇਹ ਪਹਿਲੀ ਪਾਰੀ ’ਚ ਉਸ ਦੀ ਬੱਲੇਬਾਜ਼ੀ ਦੌਰਾਨ ਜਾਰੀ ਰਿਹਾ ਅਤੇ ਉਸ ਦੀ ਗੇਂਦਬਾਜ਼ੀ ਦੀ ਕਮਜ਼ੋਰੀ ਹਫਤੇ ਦੇ ਅੰਤ ’ਚ ਫਲੈਟ ਵਿਕਟ ’ਤੇ ਸਾਹਮਣੇ ਆਈ।
ਉਨ੍ਹਾਂ ਕਿਹਾ, “ਮੈਂ ਜਾਣਨਾ ਚਾਹੁੰਦਾ ਹਾਂ ਕਿ ਪਿਛਲੇ ਦੋ ਸਾਲਾਂ ’ਚ ਇਸ ਟੀਮ ਦੀ ਫੀਲਡਿੰਗ ’ਚ ਸੁਧਾਰ ਕਿਉਂ ਨਹੀਂ ਹੋਇਆ। ਉਹ ਮੌਕੇ ਗੁਆਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਪਹਿਲੀ ਪਾਰੀ ’ਚ ਭਾਰਤ ਨੂੰ 125 ਦੌੜਾਂ ’ਤੇ ਆਊਟ ਕਰਨਾ ਚਾਹੀਦਾ ਸੀ। ਵਾਨ ਨੇ ਕਿਹਾ ਕਿ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ’ਚ ਕਾਫ਼ੀ ਦੌੜਾਂ ਨਹੀਂ ਬਣਾਈਆਂ। ਉਨ੍ਹਾਂ ਨੇ ਬੱਲੇਬਾਜ਼ਾਂ ਦੀ ਸ਼ਾਟ ਚੋਣ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ, ‘‘ਇੰਗਲੈਂਡ ਦੇ ਬੱਲੇਬਾਜ਼ ਇਕਾਗਰਤਾ ਨਾਲ ਨਹੀਂ ਖੇਡ ਸਕੇ ਅਤੇ ਉਨ੍ਹਾਂ ਨੇ ਕੁਝ ਖ਼ਰਾਬ ਸ਼ਾਟ ਮਾਰੇ। ਉਦਾਹਰਣ ਲਈ ਹਸੀਬ ਹਮੀਦ ਨੇ ਬਹੁਤ ਬਾਹਰ ਜਾਣ ਵਾਲੀ ਗੇਂਦ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਮੋਇਨ ਅਲੀ ਨੇ ਉਦੋਂ ਹਵਾ ’ਚ ਇੱਕ ਕੈਚ ਲਹਿਰਾਈ, ਜਦੋਂ ਇੰਗਲੈਂਡ ਮੈਚ ’ਚ ਆਪਣੀ ਪਕੜ ਬਣਾ ਰਿਹਾ ਸੀ। ਇਹ ਬਹੁਤ ਖਰਾਬ ਸ਼ਾਟ ਸਨ। ਵਾਨ ਨੇ ਕਿਹਾ, ‘‘ਇੰਗਲੈਂਡ ਦੀ ਗੇਂਦਬਾਜ਼ੀ ’ਚ ਸਪਾਟ ਵਿਕਟ ’ਤੇ ਸਫਲਤਾ ਹਾਸਲ ਕਰਨ ਲਈ ਲੋੜੀਂਦੀ ਗਤੀ ਅਤੇ ਵਿਭਿੰਨਤਾ ਨਹੀਂ ਸੀ। ਇੰਗਲੈਂਡ ਦੀ ਇਹ ਟੈਸਟ ਟੀਮ ਅਜਿਹੀਆਂ ਪਿੱਚਾਂ ’ਤੇ ਨਿਰਭਰ ਹੈ, ਜੋ ਉਨ੍ਹਾਂ ਦੇ ਅਨੁਕੂਲ ਹਨ। ਜਦੋਂ ਅਜਿਹਾ ਹੁੰਦਾ ਹੈ ਤਾਂ ਉਹ 20 ਵਿਕਟਾਂ ਲੈਣ ਦੀ ਸਥਿਤੀ ’ਚ ਦਿਖਾਈ ਦਿੰਦੀ ਹੈ, ਜਿਵੇਂ ਕਿ ਹੇਡਿੰਗਲੇ ’ਚ ਹੋਇਆ ਪਰ ਬਾਕੀ ਪਿੱਚਾਂ ’ਤੇ ਉਨ੍ਹਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ।