WI vs IND, 3rd ODI : ਭਾਰਤ ਨੇ ਵੈਸਟਇੰਡੀਜ਼ ਨੂੰ 119 ਦੌੜਾਂ ਨਾਲ ਹਰਾਇਆ, ਸੀਰੀਜ਼ 3-0 ਨਾਲ ਜਿੱਤੀ

Thursday, Jul 28, 2022 - 04:37 AM (IST)

ਸਪੋਰਟਸ ਡੈਸਕ : ਸ਼ੁਭਮਨ ਗਿੱਲ ਮੀਂਹ ਕਾਰਨ ਸਿਰਫ 2 ਦੌੜਾਂ ਨਾਲ ਆਪਣੇ ਕਰੀਅਰ ਦੇ ਪਹਿਲੇ ਅੰਤਰਰਾਸ਼ਟਰੀ ਸੈਂਕੜੇ ਤੋਂ ਵਾਂਝੇ ਰਹਿ ਗਏ ਪਰ ਉਨ੍ਹਾਂ ਦੀਆਂ ਅਜੇਤੂ 98 ਦੌੜਾਂ ਤੇ ਫਿਰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਤੀਜੇ ਅਤੇ ਆਖਰੀ ਵਨਡੇ 'ਚ ਵੈਸਟਇੰਡੀਜ਼ ਨੂੰ ਇੱਥੇ ਡਕਵਰਥ ਲੁਈਸ ਵਿਧੀ ਦੇ ਤਹਿਤ 119 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ।

ਭਾਰਤ ਦੀ ਪਾਰੀ ਦੇ 24 ਓਵਰ ਪੂਰੇ ਹੋਣ ਤੋਂ ਬਾਅਦ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਅਤੇ ਮੈਚ 40 ਓਵਰਾਂ ਦਾ ਕਰ ਦਿੱਤਾ ਗਿਆ। ਦੂਜੀ ਵਾਰ ਭਾਰਤੀ ਪਾਰੀ ਦੇ 36 ਓਵਰ ਪੂਰੇ ਹੋਣ ਤੋਂ ਬਾਅਦ ਮੀਂਹ ਆ ਗਿਆ ਤੇ ਮਹਿਮਾਨ ਟੀਮ ਦੀ ਪਾਰੀ ਇੱਥੇ 3 ਵਿਕਟਾਂ 'ਤੇ 225 ਦੌੜਾਂ ਦੇ ਸਕੋਰ 'ਤੇ ਸਮਾਪਤ ਹੋ ਗਈ। ਵੈਸਟਇੰਡੀਜ਼ ਨੂੰ ਫਿਰ ਡਕਵਰਥ ਲੁਈਸ ਵਿਧੀ ਦੇ ਤਹਿਤ 35 ਓਵਰਾਂ 'ਚ 257 ਦੌੜਾਂ ਦਾ ਟੀਚਾ ਮਿਲਿਆ। ਗਿੱਲ ਨੇ 98 ਗੇਂਦਾਂ ਵਿੱਚ 2 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ ਨਾਬਾਦ 98 ਦੌੜਾਂ ਦੀ ਪਾਰੀ ਖੇਡੀ। ਉਸ ਨੇ ਕਪਤਾਨ ਸ਼ਿਖਰ ਧਵਨ (58) ਨਾਲ ਪਹਿਲੀ ਵਿਕਟ ਲਈ 113 ਅਤੇ ਸ਼੍ਰੇਅਸ ਅਈਅਰ (44) ਨਾਲ ਦੂਜੀ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ।

ਜਵਾਬ 'ਚ ਵੈਸਟਇੰਡੀਜ਼ ਦੀ ਟੀਮ ਯੁਜਵੇਂਦਰ ਚਾਹਲ (17 ਦੌੜਾਂ 'ਤੇ 4 ਵਿਕਟਾਂ), ਮੁਹੰਮਦ ਸਿਰਾਜ (14 ਦੌੜਾਂ 'ਤੇ 2 ਵਿਕਟਾਂ) ਅਤੇ ਸ਼ਾਰਦੁਲ ਠਾਕੁਰ (17 ਦੌੜਾਂ 'ਤੇ 2 ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 26 ਓਵਰਾਂ 'ਚ 137 ਦੌੜਾਂ 'ਤੇ ਸਿਮਟ ਗਈ। ਵੈਸਟਇੰਡੀਜ਼ ਨੇ ਆਪਣੀਆਂ ਆਖਰੀ 5 ਵਿਕਟਾਂ ਸਿਰਫ਼ 18 ਦੌੜਾਂ 'ਤੇ ਗੁਆ ਦਿੱਤੀਆਂ। ਟੀਮ ਲਈ ਸਿਰਫ਼ ਬਰੈਂਡਨ ਕਿੰਗ (42) ਅਤੇ ਕਪਤਾਨ ਨਿਕੋਲਸ ਪੂਰਨ (42) ਹੀ ਬੱਲੇਬਾਜ਼ੀ ਕਰ ਸਕੇ, ਜਦਕਿ ਉਨ੍ਹਾਂ ਦੇ 4 ਬੱਲੇਬਾਜ਼ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੇ।

ਵੈਸਟਇੰਡੀਜ਼ ਆਪਣੀ ਪਿਛਲੀ 5 ਦੁਵੱਲੀ ਵਨਡੇ ਸੀਰੀਜ਼ 'ਚੋਂ 4 ਨੂੰ 0-3 ਨਾਲ ਗੁਆ ਚੁੱਕਾ ਹੈ। ਇਸ ਦੌਰਾਨ ਭਾਰਤ ਨੇ 2 ਵਾਰ, ਜਦੋਂਕਿ ਇਕ ਵਾਰ ਪਾਕਿਸਤਾਨ ਅਤੇ ਬੰਗਲਾਦੇਸ਼ ਨੇ ਉਸ ਦਾ ਸੁਪੜਾ ਸਾਫ਼ ਕੀਤਾ।


Mukesh

Content Editor

Related News