ਭਾਰਤ ਨੇ 33 ਸਾਲ ਬਾਅਦ ਥਾਈਲੈਂਡ ਨੂੰ ਹਰਾਇਆ
Sunday, Jan 06, 2019 - 09:51 PM (IST)
ਆਬੂ ਧਾਬੀ— ਕਪਤਾਨ ਸੁਨੀਲ ਸ਼ੇਤਰੀ ਦੇ ਦੋ ਸ਼ਾਨਦਾਰ ਗੋਲਾਂ ਦੇ ਦਮ 'ਤੇ ਭਾਰਤ ਨੇ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦਿਆਂ ਥਾਈਲੈਂਡ ਨੂੰ ਐਤਵਾਰ ਨੂੰ 4-1 ਨਾਲ ਹਰਾ ਕੇ ਇਤਿਹਾਸ ਜਿੱਤ ਦਰਜ ਕੀਤੀ। ਭਾਰਤ ਨੇ ਇਸ ਤਰ੍ਹਾਂ ਥਾਈਲੈਂਡ ਵਿਰੁੱਧ 33 ਸਾਲ ਦੇ ਲੰਬੇ ਸਮੇਂ ਬਾਅਦ ਜਿੱਤ ਹਾਸਲ ਕੀਤੀ। ਭਾਰਤ ਦੀ ਥਾਈਲੈਂਡ ਵਿਰੁੱਧ ਇਹ 1986 ਵਿਚ ਮਰਦੇਕਾ ਕੱਪ ਵਿਚ ਮਿਲੀ ਜਿੱਤ ਤੋਂ ਬਾਅਦ ਪਹਿਲੀ ਜਿੱਤ ਹੈ।
ਭਾਰਤ ਵਲੋਂ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ 27ਵੇਂ ਤੇ 46ਵੇਂ ਮਿੰਟ ਵਿਚ ਦੋ ਗੋਲ ਕੀਤੇ ਜਦਕਿ ਅਨਿਰੁਧ ਥਾਪਾ ਨੇ 68ਵੇਂ ਮਿੰਟ ਤੇ ਜੇਜੇ ਲਾਲਪੇਖਲੂਆ ਨੇ 80ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤੀ ਟੀਮ ਨੂੰ 4-1 ਨਾਲ ਜ਼ਬਰਦਸਤ ਜਿੱਤ ਦਿਵਾਈ।
ਥਾਈਲੈਂਡ ਵਲੋਂ ਇਕਲੌਤਾ ਗੋਲ ਇਕੌਲਤਾ ਗੋਲ ਕਪਤਾਨ ਟੇਰਾਸਿਲ ਦੰਗਦਾ ਨੇ 33ਵੇਂ ਮਿੰਟ ਵਿਚ ਕੀਤਾ। ਭਾਰਤ ਇਸ ਜਿੱਤ ਨਾਲ ਗਰੁੱਪ-ਏ ਵਿਚੋਂ 3 ਅੰਕਾਂ ਨਾਲ ਚੋਟੀ 'ਤੇ ਪਹੁੰਚ ਗਿਆ ਹੈ।
ਭਾਰਤ ਤੇ ਥਾਈਲੈਂਡ ਇਕ-ਦੂਜੇ ਨਾਲ 25 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿਸ ਵਿਚ ਥਾਈਲੈਂਡ ਨੇ 12 ਮੌਕਿਆਂ 'ਤੇ ਜਿੱਤ ਹਾਸਲ ਕੀਤੀ। ਉਥੇ ਹੀ ਭਾਰਤ ਛੇ ਵਾਰ ਜਿੱਤਿਆ ਹੈ ਜਦਕਿ ਬਚੇ ਹੋਏ ਸੱਤ ਮੈਚ ਡਰਾਅ ਰਹੇ ਹਨ। ਪਿਛਲੀ ਵਾਰ ਦੋਵੇਂ ਟੀਮਾਂ 2010 ਵਿਚ ਭਿੜੀਆਂ ਸਨ।
