ਆਇਰਲੈਂਡ ਖਿਲਾਫ ਭਾਰਤ ਦੀਆਂ ਨਜ਼ਰਾਂ ਬਦਲਾ ਲੈ ਕੇ ਸੈਮੀਫਾਈਨਲ ''ਚ ਜਗ੍ਹਾ ਬਣਾਉਣ ''ਤੇ
Wednesday, Aug 01, 2018 - 02:02 PM (IST)

ਲੰਡਨ— ਆਪਣੀ ਮੁਹਿੰਮ ਨੂੰ ਪੱਟੜੀ 'ਤੇ ਲਿਆਉਣ ਦੇ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਕੱਲ ਕੁਆਰਟਰ ਫਾਈਨਲ ਮੁਕਾਬਲੇ 'ਚ 'ਜਾਇੰਟ ਕਿਲਰ' ਆਇਰਲੈਂਡ ਨੂੰ ਹਰਾ ਕੇ 44 ਸਾਲਾਂ ਬਾਅਦ ਵਿਸ਼ਵ ਕੱਪ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਉਤਰੇਗੀ। ਭਾਰਤ ਨੇ ਇਟਲੀ ਨੂੰ ਕ੍ਰਾਸਓਵਰ ਮੈਚ 'ਚ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਕੱਲ ਕੁਆਰਟਰ ਫਾਈਨਲ 'ਚ ਆਇਰਲੈਂਡ ਨੂੰ ਹਰਾਉਣ ਨਾਲ ਭਾਰਤੀ ਟੀਮ ਦੂਜੀ ਵਾਰ ਵਿਸ਼ਵ ਕੱਪ ਅੰਤਿਮ ਚਾਰ 'ਚ ਪਹੁੰਚ ਜਾਵੇਗੀ।
ਭਾਰਤੀ ਟੀਮ ਇਸ ਤੋਂ ਪਹਿਲਾਂ 1974 'ਚ ਫਰਾਂਸ 'ਚ ਹੋਏ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ ਅਤੇ ਟੂਰਨਾਮੈਂਟ 'ਚ ਚੌਥੇ ਸਥਾਨ 'ਤੇ ਰਹੀ ਸੀ। ਅਰਜਨਟੀਨਾ ਦੇ ਰੋਸਾਰੀਓ 'ਚ ਪਿਛਲੀ ਵਾਰ ਹੋਏ ਟੂਰਨਾਮੈਂਟ 'ਚ ਭਾਰਤ ਅੱਠਵੇਂ ਸਥਾਨ 'ਤੇ ਰਿਹਾ ਸੀ। ਆਇਰਲੈਂਡ ਨੇ ਪਿਛਲੇ ਦੋ ਮੁਕਾਬਲਿਆਂ 'ਚ ਭਾਰਤ ਨੂੰ ਹਰਾਇਆ। ਲਿਹਾਜ਼ਾ ਉਸ ਨੂੰ ਮਨੋਵਿਗਿਆਨਕ ਬੜ੍ਹਤ ਹਾਸਲ ਹੋਵੇਗੀ। ਪੂਲ ਬੀ 'ਚ ਆਇਰਲੈਂਡ ਦੀ ਟੀਮ ਭਾਰਤ ਅਤੇ ਅਮਰੀਕਾ ਜਿਹੀਆਂ ਟੀਮਾਂ ਦੇ ਰਹਿੰਦੇ ਹੋਏ ਚੋਟੀ 'ਤੇ ਰਹੀ ਸੀ। ਆਇਰਲੈਂਡ ਨੇ ਇੱਥੇ ਪੂਲ ਪੜਾਅ 'ਚ ਹਾਰਨ ਤੋਂ ਪਹਿਲਾਂ ਭਾਰਤ ਨੂੰ ਪਿਛਲੇ ਸਾਲ ਜੋਹਾਨਿਸਬਰਗ 'ਚ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ 2-1 ਨਾਲ ਹਰਾਇਆ। ਦੁਨੀਆ ਦੀ 16ਵੇਂ ਨੰਬਰ ਦੀ ਟੀਮ ਆਇਰਲੈਂਡ ਨੇ ਅਮਰੀਕਾ ਨੂੰ 3-1 ਅਤੇ ਭਾਰਤ ਨੂੰ 1-0 ਨਾਲ ਹਰਾ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ।
ਭਾਰਤੀ ਟੀਮ ਨੇ ਇੰਗਲੈਂਡ ਅਤੇ ਅਮਰੀਕਾ ਨਾਲ 1-1 ਨਾਲ ਡਰਾਅ ਖੇਡਿਆ ਅਤੇ ਆਇਰਲੈਂਡ ਤੋਂ 0-1 ਨਾਲ ਹਾਰ ਗਈ। ਭਾਰਤ ਨੇ ਅਜੇ ਤੱਕ ਇਕਮਾਤਰ ਜਿੱਤ ਕ੍ਰਾਸਓਵਰ ਮੈਚ 'ਚ ਇਟਲੀ ਦੇ ਖਿਲਾਫ (3-0) ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਖਿਡਾਰਨਾਂ ਦਾ ਆਤਮਵਿਸ਼ਵਾਸ ਵਧਿਆ ਹੈ।