ਭਾਰਤ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ ਟੈਸਟ ਲੜੀ ’ਚ ਪੈਦਾ ਕਰਨਗੇ ਫਰਕ : ਕੋਚ ਮੈਕਡੋਨਾਲਡ
Tuesday, Feb 14, 2023 - 03:24 PM (IST)

ਨਵੀਂ ਦਿੱਲੀ (ਭਾਸ਼ਾ)– ਆਸਟਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਦਾ ਮੰਨਣਾ ਹੈ ਕਿ ਬਾਰਡਰ-ਗਾਵਸਕਰ ਟਰਾਫੀ ਦੇ ਬਚੇ ਹੋਏ ਟੈਸਟ ਮੈਚਾਂ ਵਿਚ ਭਾਰਤ ਦਾ ਮਜ਼ਬੂਤ ਹੇਠਲਾ ਬੱਲੇਬਾਜ਼ੀ ਕ੍ਰਮ ‘ਫਰਕ ਪੈਦਾ’ ਕਰੇਗਾ, ਜਿਸ ਵਿਚ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਵਰਗੇ ਕ੍ਰਿਕਟਰ ਸ਼ਾਮਲ ਹਨ। ਜਡੇਜਾ ਤੇ ਪਟੇਲ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਕ੍ਰਮਵਾਰ 70 ਤੇ 84 ਦੌੜਾਂ ਬਣਾ ਕੇ ਬੱਲੇ ਨਾਲ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨਾਲ ਭਾਰਤ ਨੇ ਮਹਿਮਾਨ ਦੇਸ਼ ਦੀਆਂ 177 ਦੌੜਾਂ ਦੇ ਜਵਾਬ ਵਿਚ 400 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਰੋਹਿਤ ਸ਼ਰਮਾ ਦੇ ਸੈਂਕੜੇ ਤੇ ਜਡੇਜਾ ਤੇ ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਨਾਲ ਮੇਜ਼ਬਾਨ ਟੀਮ ਨੇ 3 ਦਿਨ ਦੇ ਅੰਦਰ ਆਸਟਰੇਲੀਆ ਨੂੰ ਨਾਗਪੁਰ ਵਿਚ ਪਾਰੀ ਤੇ 132 ਦੌੜਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਟੈਸਟ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕੀਤੀ।
ਮੈਕਡੋਨਾਲਡ ਨੇ ਕਿਹਾ, ‘‘ਭਾਰਤ ਦਾ ਹੇਠਲਾ ਬੱਲੇਬਾਜ਼ੀ ਕ੍ਰਮ ਵੀ ਇਸ ਲੜੀ ਵਿਚ ਫਰਕ ਪੈਦਾ ਕਰਨ ਵਾਲਾ ਰਹੇਗਾ, ਜਿਸ ਵਿਚ ਜਡੇਜਾ, ਪਟੇਲ ਤੇ ਅਸ਼ਵਿਨ ਸ਼ਾਮਲ ਹਨ। ਉਨ੍ਹਾਂ ਦਾ ਹੇਠਲਾ ਕ੍ਰਮ ਅਸਲ ਵਿਚ ਕਾਫੀ ਮਜ਼ਬੂਤ ਹੈ ਤੇ ਸਾਨੂੰ ਇਸ ਤੋਂ ਚੁਣੌਤੀ ਮਿਲੇਗੀ।’’ ਕੋਚ ਨੇ ਕਿਹਾ, ‘‘ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦਾ ਹੇਠਲਾ ਬੱਲੇਬਾਜ਼ੀ ਕ੍ਰਮ ਸਾਡੀ ਤੁਲਨਾ ਵਿਚ ਵੱਧ ਦੌੜਾਂ ਬਣਾਏਗਾ, ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਇਸ ਨਾਲ ਕਿਸ ਤਰ੍ਹਾਂ ਨਾਲ ਨਜਿੱਠਿਆ ਜਾਵੇ।’’